ਸਾਹ ਲੈਣ ਲਾਇਕ ਨਹੀਂ ਦਿੱਲੀ ਦੀ ਹਵਾ, AQI ''ਬਹੁਤ ਖ਼ਰਾਬ'' ਸ਼੍ਰੇਣੀ ''ਚ

Saturday, Nov 12, 2022 - 11:40 AM (IST)

ਸਾਹ ਲੈਣ ਲਾਇਕ ਨਹੀਂ ਦਿੱਲੀ ਦੀ ਹਵਾ, AQI ''ਬਹੁਤ ਖ਼ਰਾਬ'' ਸ਼੍ਰੇਣੀ ''ਚ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਹਵਾ ਗੁਣਵੱਤਾ ਸ਼ਨੀਵਾਰ ਨੂੰ 'ਬਹੁਤ ਖ਼ਰਾਬ' ਸ਼੍ਰੇਣੀ 'ਚ ਰਹੀ ਅਤੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਸਵੇਰੇ 9 ਵਜੇ 311 ਦਰਜ ਕੀਤਾ ਗਿਆ। ਇਹ ਜਾਣਕਾਰੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਤੋਂ ਮਿਲੀ। ਦੱਸਣਯੋਗ ਹੈ ਕਿ ਜ਼ੀਰੋ ਤੋਂ 50 ਦਰਮਿਆਨ ਏ.ਕਿਊ.ਆਈ. 'ਚੰਗਾ', 51 ਤੋਂ 100 ਦਰਮਿਆਨ 'ਸੰਤੋਸ਼ਜਨਕ', 101 ਅਤੇ 200 ਦਰਮਿਆਨ 'ਮੱਧਮ', 201 ਅਤੇ 300 ਦਰਮਿਆਨ 'ਖ਼ਰਾਬ', 301 ਅਤੇ 400 ਦਰਮਿਆਨ 'ਬਹੁਤ ਖ਼ਰਾਬ' ਅਤੇ 401 ਅਤੇ 500 ਦਰਮਿਆਨ 'ਗੰਭੀਰ' ਸ਼੍ਰੇਣੀ 'ਚ ਮੰਨਿਆ ਜਾਂਦਾ ਹੈ। ਏ.ਕਿਊ.ਆਈ. 37 ਨਿਗਰਾਨੀ ਸਟੇਸ਼ਨਾਂ 'ਚੋਂ 27 'ਚ 'ਬਹੁਤ ਖ਼ਰਾਬ' ਸ਼੍ਰੇਣੀ 'ਚ ਦਰਜ ਕੀਤਾ ਗਿਆ। ਏ.ਕਿਊ.ਆਈ. ਜਹਾਂਗੀਰਪੁਰੀ 351, ਨਹਿਰੂ ਨਗਰ 347, ਸ਼੍ਰੀ ਅਰਬਿੰਦੋ ਮਾਰਗ 339, ਆਰਕੇ ਪੁਰਮ 335 ਅਤੇ ਬਵਾਨਾ 'ਚ 334 ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਦੇ ਅਨੁਸਾਰ, ਸ਼ਹਿਰ 'ਚ ਘੱਟੋ-ਘੱਟ ਤਾਪਮਾਨ 12.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੇ ਔਸਤ ਤੋਂ ਇਕ ਡਿਗਰੀ ਘੱਟ ਹੈ। ਵਿਭਾਗ ਨੇ ਦੱਸਿਆ ਕਿ ਸਵੇਰੇ 8.30 ਵਜੇ ਹਵਾ 'ਚ ਸਾਪੇਖਿਕ ਨਮੀ 76 ਫੀਸਦੀ ਦਰਜ ਕੀਤੀ ਗਈ।

PunjabKesari

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਰਹੇਗਾ ਅਤੇ ਦਿਨ ਵੇਲੇ ਆਸਮਾਨ ਸਾਫ਼ ਰਹੇਗਾ। ਆਈ.ਐੱਮ.ਡੀ. ਨੇ ਕਿਹਾ ਕਿ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 28.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੇ ਔਸਤ ਤੋਂ ਇਕ ਡਿਗਰੀ ਘੱਟ ਹੈ। ਸੀ.ਪੀ.ਸੀ.ਬੀ. ਨੇ ਕਿਹਾ ਕਿ ਸ਼ੁੱਕਰਵਾਰ ਨੂੰ 24 ਘੰਟੇ ਦੀ ਔਸਤ AQI 346 ਰਿਹਾ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ-ਐੱਨਸੀਆਰ 'ਚ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਤੀਜੇ ਪੜਾਅ ਤਹਿਤ ਪਾਬੰਦੀਆਂ ਜਾਰੀ ਰਹਿਣਗੀਆਂ ਕਿਉਂਕਿ ਖੇਤਰ 'ਚ ਹਵਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਜੀ.ਆਰ.ਏ.ਪੀ. ਦੇ ਤੀਜੇ ਪੜਾਅ ਦੇ ਤਹਿਤ, ਜ਼ਰੂਰੀ ਪ੍ਰਾਜੈਕਟਾਂ ਨੂੰ ਛੱਡ ਕੇ ਦਿੱਲੀ-ਐੱਨਸੀਆਰ 'ਚ ਸਾਰੇ ਨਿਰਮਾਣ ਅਤੇ ਢਾਹੁਣ ਦੇ ਕੰਮਾਂ 'ਤੇ ਪਾਬੰਦੀ ਲਗਾਈ ਗਈ ਹੈ। ਇੱਟਾਂ ਦੇ ਭੱਠੇ, ਹਾਟ ਮਿਕਸ ਪਲਾਂਟ ਅਤੇ ਸਟੋਨ ਕਰੱਸ਼ਰ ਚਲਾਉਣ ਦੀ ਇਜਾਜ਼ਤ ਨਹੀਂ ਹੈ। ਭਾਰਤੀ ਖੇਤੀ ਖੋਜ ਸੰਸਥਾਨ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵੀਰਵਾਰ ਨੂੰ 1,893 ਤੋਂ ਵਧ ਕੇ ਸ਼ੁੱਕਰਵਾਰ ਨੂੰ 3,916 ਹੋ ਗਈਆਂ, ਜੋ ਇਸ ਸੀਜ਼ਨ 'ਚ ਹੁਣ ਤੱਕ ਦੀ ਸਭ ਤੋਂ ਵੱਧ ਹੈ।

PunjabKesari


author

DIsha

Content Editor

Related News