ਦਿੱਲੀ ਦੀ ਹਵਾ ਹੋਈ ਹੋਰ ਖ਼ਰਾਬ, 421 ਦਰਜ ਕੀਤਾ ਗਿਆ AQI

Wednesday, Jan 11, 2023 - 12:57 PM (IST)

ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਰਾਜਧਾਨੀ 'ਚ ਹਵਾ ਗੁਣਵੱਤਾ ਲਗਾਤਾਰ ਤੀਜੇ ਦਿਨ ਬੁੱਧਵਾਰ ਨੂੰ ਵੀ ਖ਼ਰਾਬ ਸਥਿਤੀ 'ਚ ਬਣੀ ਰਹੀ। ਸਫ਼ਰ ਨਿਗਰਾਨੀ ਪ੍ਰਣਾਲੀ ਅਨੁਸਾਰ ਸਵੇਰੇ 7 ਵਜੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 421 ਦਰਜ ਕੀਤਾ ਗਿਆ। ਐੱਨ.ਸੀ.ਆਰ. 'ਚ ਪ੍ਰਦੂਸ਼ਣ ਦਾ ਪੱਧਰ ਰਾਸ਼ਟਰੀ ਰਾਜਧਾਨੀ ਤੋਂ ਵੀ ਜ਼ਿਆਦਾ ਖ਼ਰਾਬ ਹੈ। ਨੋਇਡਾ 'ਚ ਏ.ਕਿਊ.ਆਈ. 458 'ਤੇ ਰਿਹਾ, ਜਦੋਂ ਕਿ ਗੁਰੂਗ੍ਰਾਮ 'ਚ 529 ਦਰਜ ਕੀਤਾ ਗਿਆ। ਦਿੱਲੀ ਸਰਕਾਰ ਨੇ ਵਿਗੜਦੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ 12 ਜਨਵਰੀ ਤੱਕ ਰਾਸ਼ਟਰੀ ਰਾਜਧਾਨੀ 'ਚ ਬੀਐੱਸ ਤਿੰਨ ਪੈਟਰੋਲ ਅਤੇ ਬੀਐੱਸ 4 ਡੀਜ਼ਲ 'ਤੇ ਚਾਰ ਪਹੀਆ ਵਾਹਨਾਂ ਦੇ ਚੱਲਣ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ।

ਮੌਸਮ ਵਿਗਿਆਨ ਵਿਭਾਗ ਅਨੁਸਾਰ ਦਿੱਲੀ 'ਚ ਘੱਟੋ-ਘੱਟ ਤਾਪਮਾਨ ਆਮ ਤੋਂ 2 ਡਿਗਰੀ ਘੱਟ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ। ਵਿਭਾਗ ਨੇ ਬੁੱਧਵਾਰ ਨੂੰ ਸ਼ਹਿਰ ਦੇ ਸਾਰੇ ਖੇਤਰਾਂ 'ਚ ਸੰਘਣੀ ਧੁੰਦ ਦੇ ਨਾਲ-ਨਾਲ ਬੱਦਲ ਛਾਏ ਰਹਿਣ ਦੀ ਵੀ ਭਵਿੱਖਬਾਣੀ ਕੀਤੀ। ਸੰਘਣੀ ਧੁੰਦ ਕਾਰਨ ਦਿੱਲੀ 'ਚ ਦ੍ਰਿਸ਼ਤਾ ਘੱਟ ਕੇ ਸਿਰਫ਼ 50 ਮੀਟਰ ਰਹਿ ਗਈ ਹੈ, ਜਿਸ ਨਾਲ ਵਾਹਨਾਂ ਅਤੇ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਕੋਲ ਸਥਿਤ ਪਾਲਮ ਵੇਧਸ਼ਾਲਾ 'ਚ ਦ੍ਰਿਸ਼ਤਾ ਪੱਧਰ 50 ਮੀਟਰ ਦਰਜ ਕੀਤਾ ਗਿਆ। ਰੇਲਵੇ ਦੇ ਬੁਲਾਰੇ ਅਨੁਸਾਰ ਕੋਹਰੇ ਕਾਰਨ 26 ਟਰੇਨਾਂ ਇਕ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ।


DIsha

Content Editor

Related News