ਦਿੱਲੀ : ਬਹਿਸ ''ਚ ਵਿਚ-ਬਚਾਅ ਕਰਨ ਗਏ ਵਿਅਕਤੀ ਦਾ ਗੋਲੀ ਮਾਰ ਕੇ ਕਤਲ, ਭਰਾ ਜ਼ਖ਼ਮੀ

Saturday, May 28, 2022 - 05:01 PM (IST)

ਦਿੱਲੀ : ਬਹਿਸ ''ਚ ਵਿਚ-ਬਚਾਅ ਕਰਨ ਗਏ ਵਿਅਕਤੀ ਦਾ ਗੋਲੀ ਮਾਰ ਕੇ ਕਤਲ, ਭਰਾ ਜ਼ਖ਼ਮੀ

ਨਵੀਂ ਦਿੱਲੀ (ਭਾਸ਼ਾ)- ਦੱਖਣੀ ਦਿੱਲੀ ਦੇ ਅੰਬੇਡਕਰ ਨਗਰ ਇਲਾਕੇ 'ਚ ਦੋ ਵਿਅਕਤੀਆਂ ਵਿਚਾਲੇ ਹੋਈ ਆਪਸੀ ਬਹਿਸ ਵਿਚ ਦਖ਼ਲ ਦੇਣ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੂੰ ਘਟਨਾ ਦੀ ਸੂਚਨਾ ਸ਼ੁੱਕਰਵਾਰ ਰਾਤ 11.38 ਵਜੇ ਮਿਲੀ। ਪੁਲਸ ਅਨੁਸਾਰ ਰੋਹਿਤ (27) ਅਤੇ ਗੁਲਸ਼ਨ (30) ਵਾਸੀ ਮਦਨਗੀਰ ਮੌਕੇ ’ਤੇ ਜ਼ਖ਼ਮੀ ਮਿਲੇ ਅਤੇ ਉਨ੍ਹਾਂ ਨੂੰ ਏਮਜ਼ ਦੇ ਟਰਾਮਾ ਸੈਂਟਰ ਲਿਜਾਇਆ ਗਿਆ। ਪੁਲਸ ਨੇ ਕਿਹਾ ਕਿ ਮੌਕੇ ਤੋਂ ਦੋ ਖਾਲੀ ਕਾਰਤੂਸ ਮਿਲੇ। ਪੁਲਸ ਨੇ ਦੱਸਿਆ ਕਿ ਇਲਾਜ ਦੌਰਾਨ ਗੁਲਸ਼ਨ ਦੀ ਮੌਤ ਹੋ ਗਈ। ਰੋਹਿਤ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਬਿਆਨ ਦਰਜ ਕਰਵਾਉਣ ਦੀ ਸਥਿਤੀ 'ਚ ਨਹੀਂ ਹੈ।

ਪੁਲਸ ਦੀ ਡਿਪਟੀ ਕਮਿਸ਼ਨਰ (ਦੱਖਣੀ) ਬੇਨੀਤਾ ਮੈਰੀ ਜੈਕਰ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪਤਾ ਲੱਗਾ ਹੈ ਕਿ ਦੋ ਵਿਅਕਤੀਆਂ ਨਈਮ ਅਤੇ ਗੋਪਾਲ ਵਿਚਕਾਰ ਸ਼ਰਾਬ ਨੂੰ ਲੈ ਕੇ ਲੜਾਈ ਹੋਈ ਸੀ। ਰੋਹਿਤ ਨੇ ਮਾਮਲੇ 'ਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਅਤੇ ਹੰਗਾਮਾ ਸੁਣ ਕੇ ਉਸ ਦਾ ਵੱਡਾ ਭਰਾ ਗੁਲਸ਼ਨ ਵੀ ਉੱਥੇ ਪਹੁੰਚ ਗਿਆ। ਇਸ ਦੌਰਾਨ ਝਗੜਾ ਹੋ ਗਿਆ ਅਤੇ ਸੁਮਿਤ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਰੋਹਿਤ ਅਤੇ ਗੁਲਸ਼ਨ ਜ਼ਖ਼ਮੀ ਹੋ ਗਏ। ਸੁਮਿਤ (24) ਵਾਸੀ ਮਦਨਗੀਰ ਨੂੰ ਵੀ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਹਥਿਆਰ ਬਰਾਮਦ ਕੀਤਾ ਗਿਆ ਹੈ। ਉਹ ਪਹਿਲਾਂ ਵੀ ਅਸਲਾ ਐਕਟ ਦੇ ਦੋ ਮਾਮਲਿਆਂ ਵਿਚ ਸ਼ਾਮਲ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘਟਨਾ ਵਿਚ ਸ਼ਾਮਲ ਉਸ ਦੇ ਦੋ ਸਾਥੀਆਂ ਦੀ ਪਛਾਣ ਗੋਪਾਲ ਅਤੇ ਸਾਹਿਲ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ, ਉੱਥੇ ਹੀ ਗੋਪਾਲ ਅਤੇ ਸਾਹਿਲ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

DIsha

Content Editor

Related News