ਦਿੱਲੀ : ਰਿਸ਼ਤੇ ''ਚ ਪਈ ਦਰਾਰ ਕਾਰਨ ਮਤਰੇਏ ਪਿਓ ਨੇ ਮਾਰ''ਤਾ 12 ਸਾਲਾ ਪੁੱਤ, ਮੁਲਜ਼ਮ ਗ੍ਰਿਫ਼ਤਾਰ
Saturday, Jan 31, 2026 - 04:00 PM (IST)
ਵੈੱਬ ਡੈਸਕ : ਨਵੀਂ ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਸ਼ਾਸਤਰੀ ਪਾਰਕ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 36 ਸਾਲਾ ਵਿਅਕਤੀ ਨੇ ਆਪਣੇ ਹੀ 12 ਸਾਲਾ ਮਤਰੇਏ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਦੀ ਪਛਾਣ ਵਾਜ਼ਿਦ ਖਾਨ (36), ਵਾਸੀ ਸ਼ਾਸਤਰੀ ਪਾਰਕ ਵਜੋਂ ਹੋਈ ਹੈ। ਕਤਲ ਦਾ ਕਾਰਨ ਬੱਚੇ ਦੀ ਮਾਂ ਨਾਲ ਰਿਸ਼ਤੇ ਵਿੱਚ ਚੱਲ ਰਿਹਾ ਵਿਵਾਦ ਦੱਸਿਆ ਗਿਆ ਹੈ। ਪੁਲਸ ਨੇ ਮੁਲਜ਼ਮ ਨੂੰ ਸ਼ਨੀਵਾਰ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ।
ਕਿਵੇਂ ਹੋਈ ਵਾਰਦਾਤ?
ਪੁਲਸ ਮੁਤਾਬਕ, ਮ੍ਰਿਤਕ ਬੱਚਾ (ਸੱਤਵੀਂ ਜਮਾਤ ਦਾ ਵਿਦਿਆਰਥੀ) ਵੀਰਵਾਰ ਸ਼ਾਮ ਨੂੰ ਸਕੂਲ ਤੋਂ ਆਉਣ ਤੋਂ ਬਾਅਦ ਖੇਡਣ ਗਿਆ ਸੀ, ਪਰ ਵਾਪਸ ਨਹੀਂ ਪਰਤਿਆ। ਪਰਿਵਾਰ ਵਾਲਿਆਂ ਨੇ ਸਾਰੀ ਰਾਤ ਉਸ ਦੀ ਭਾਲ ਕੀਤੀ। ਸ਼ੁੱਕਰਵਾਰ ਸਵੇਰੇ ਲਗਭਗ 9.50 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਸ਼ਾਸਤਰੀ ਪਾਰਕ ਚੌਕ ਦੇ ਲੂਪ ਨੇੜੇ ਇੱਕ ਬੱਚਾ ਜ਼ਖਮੀ ਹਾਲਤ ਵਿੱਚ ਪਿਆ ਹੈ। ਜਦੋਂ ਉਸਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੇ ਸਰੀਰ 'ਤੇ ਬੇਰਹਿਮੀ ਨਾਲ ਕੁੱਟਮਾਰ ਦੇ ਨਿਸ਼ਾਨ ਸਨ ਅਤੇ ਉਸਦੇ ਸਿਰ ਅਤੇ ਅੱਖਾਂ 'ਤੇ ਗੰਭੀਰ ਸੱਟਾਂ ਮਾਰੀਆਂ ਗਈਆਂ ਸਨ।
ਪਰਿਵਾਰਕ ਵਿਵਾਦ
ਰਿਸ਼ਤੇਦਾਰਾਂ ਅਨੁਸਾਰ, ਬੱਚੇ ਦੀ ਮਾਂ ਨੇ ਆਪਣੇ ਪਹਿਲੇ ਪਤੀ ਦੀ ਮੌਤ ਤੋਂ ਇੱਕ ਸਾਲ ਬਾਅਦ, 2020 ਵਿੱਚ ਵਾਜ਼ਿਦ ਖਾਨ ਨਾਲ ਵਿਆਹ ਕੀਤਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਘਰ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ, ਖ਼ਾਸ ਕਰਕੇ ਉਦੋਂ ਤੋਂ ਜਦੋਂ ਤੋਂ ਪਹਿਲੇ ਵਿਆਹ ਦੇ ਬੱਚੇ ਹੋਸਟਲ ਤੋਂ ਵਾਪਸ ਆਏ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਵਾਲੇ ਦਿਨ ਸ਼ਾਮ 6.30 ਵਜੇ ਵਾਜ਼ਿਦ ਖਾਨ (ਜੋ ਪੇਸ਼ੇ ਤੋਂ ਈ-ਰਿਕਸ਼ਾ ਚਾਲਕ ਹੈ) ਹੀ ਬੱਚੇ ਅਤੇ ਉਸਦੇ ਛੋਟੇ ਭਰਾ ਨੂੰ ਘਰ ਛੱਡ ਕੇ ਗਿਆ ਸੀ।
ਕਾਨੂੰਨੀ ਕਾਰਵਾਈ
ਪੁਲਸ ਨੇ ਸ਼ਾਸਤਰੀ ਪਾਰਕ ਥਾਣੇ ਵਿੱਚ ਭਾਰਤੀ ਨਿਆ ਸੰਹਿਤਾ ਦੀ ਧਾਰਾ 103(1) (ਕਤਲ) ਤਹਿਤ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਗੁਰੂ ਤੇਗ ਬਹਾਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਇਸ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਇਲੈਕਟ੍ਰਾਨਿਕ ਸਬੂਤਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
