ਦਿੱਲੀ: ਜਹਾਂਗੀਰਪੁਰੀ ’ਚ ਹਿੰਸਾ ਵਾਲੀ ਥਾਂ ’ਤੇ ਚਲੇ ਬੁਲਡੋਜ਼ਰ, SC ਨੇ ਕਾਰਵਾਈ ’ਤੇ ਲਾਈ ਰੋਕ
Wednesday, Apr 20, 2022 - 12:09 PM (IST)
ਨਵੀਂ ਦਿੱਲੀ (ਭਾਸ਼ਾ)– ਦਿੱਲੀ ਦੇ ਹਿੰਸਾ ਪ੍ਰਭਾਵਿਤ ਜਹਾਂਗੀਰਪੁਰ ਇਲਾਕੇ ’ਚ ਹਨੂੰਮਾਨ ਜਯੰਤੀ ਸ਼ੋਭਾ ਯਾਤਰਾ ਦੌਰਾਨ ਫਿਰਕੂ ਹਿੰਸਾ ਫੈਲੀ ਸੀ, ਉੱਥੇ ਹੀ ਦਿੱਲੀ ਨਗਰ ਨਿਗਮ (MCD) ਨੇ ਬੁੱਧਵਾਰ ਨੂੰ ਇਸ ਖ਼ਿਲਾਫ਼ ਕਾਰਵਾਈ ਕੀਤੀ। ਮੁਹਿੰਮ ਤੋਂ ਪਹਿਲਾਂ ਵੱਡੀ ਗਿਣਤੀ ’ਚ ਪੁਲਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਮੇਅਰ ਰਾਜਾ ਇਕਬਾਲ ਸਿੰਘ ਨੇ ਇਸ ਕਾਰਵਾਈ ਨੂੰ ਨਿਯਮਿਤ ਮੁਹਿੰਮ ਕਰਾਰ ਦਿੱਤਾ ਹੈ। ਜਹਾਂਗੀਰਪੁਰ ’ਚ ਹਿੰਸਾ ਵਾਲੀ ਥਾਂ ’ਤੇ ਗੈਰ-ਕਾਨੂੰਨੀ ਜਾਇਦਾਦਾਂ ਅਤੇ ਕਬਜ਼ੇ ’ਤੇ ਐੱਮ. ਸੀ. ਡੀ. ਨੇ ਬੁਲਡੋਜ਼ਰ ਚਲਾਏ ਹਨ।
ਜਾਣਕਾਰੀ ਮੁਤਾਬਕ ਐੱਮ. ਸੀ. ਡੀ. ਨੇ ਕਰੀਬ 9 ਬੁਲਡੋਜ਼ਰ ਇਲਾਕੇ ’ਚ ਪਹੁੰਚੇ ਹਨ ਅਤੇ ਕਬਜ਼ਿਆਂ ਨੂੰ ਹਟਾਇਆ ਗਿਆ। ਹਾਲਾਂਕਿ ਦਿੱਲੀ ਨਗਰ ਨਿਗਮ ਵਲੋਂ ਕਬਜ਼ਿਆ ਖ਼ਿਲਾਫ ਚਲਾਏ ਜਾ ਰਹੀ ਮੁਹਿੰਮ ’ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ। ਕੋਰਟ ਨੇ ਜਹਾਂਗੀਰਪੁਰੀ ’ਚ ਉੱਤਰੀ ਦਿੱਲੀ ਨਗਰ ਨਿਗਮ ਵਲੋਂ ਕਬਜ਼ਿਆਂ ਖਿਲਾਫ਼ ਚਲਾਏ ਗਈ ਮੁਹਿੰਮ ’ਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ। ਕੋਰਟ ਦੇ ਹੁਕਮ ਤੋਂ ਬਾਅਦ ਐੱਮ. ਸੀ. ਡੀ. ਕਾਰਵਾਈ ’ਤੇ ਰੋਕ ਲੱਗ ਗਈ ਹੈ। ਕੋਰਟ ਨੇ ਜਹਾਂਗੀਰਪੁਰੀ ਦੇ ਐੱਸ. ਐੱਚ. ਓ. ਅਤੇ ਦਿੱਲੀ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਐੱਮ. ਸੀ. ਡੀ. ਨੂੰ ਵੀ ਨੋਟਿਸ ਭੇਜਿਆ ਅਤੇ ਕੱਲ ਇਸ ਮਾਮਲੇ ’ਤੇ ਸੁਣਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਉੱਤਰੀ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ’ਚ 16 ਅਪ੍ਰੈਲ ਨੂੰ ਹਨੂੰਮਾਨ ਜਯੰਤੀ ਦੀ ਸ਼ੋਭਾ ਯਾਤਰਾ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਪੱਥਰਬਾਜ਼ੀ, ਅੱਗਜ਼ਨੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਸਨ। ਹਿੰਸਾ ’ਚ 8 ਪੁਲਸ ਮੁਲਾਜ਼ਮਾਂ ਤੋਂ ਇਲਾਵਾ ਇਕ ਸਥਾਨਕ ਨਾਗਰਿਕ ਜ਼ਖਮੀ ਹੋ ਗਿਆ ਸੀ।