ਲਿਵ ਇਨ ਰਿਲੇਸ਼ਨਸ਼ਿਪ ਵਿਆਹ ਵਾਂਗ, ਬਾਲਗਾਂ ਦੀ ਪਸੰਦ ''ਚ ਦਖ਼ਲ ਦੇਣ ਦਾ ਹੱਕ ਕਿਸੇ ਨੂੰ ਨਹੀਂ : ਹਾਈ ਕੋਰਟ
Thursday, Aug 20, 2026 - 05:03 PM (IST)
ਨਵੀਂ ਦਿੱਲੀ (ਏਜੰਸੀ)- ਦਿੱਲੀ ਹਾਈ ਕੋਰਟ ਨੇ ਕਿਹਾ ਕਿ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਬਾਲਗਾਂ ਵਿਚਾਲੇ ਸੰਬੰਧ ਵਿਆਹ ਵਰਗਾ ਹੀ ਹੈ ਅਤੇ ਨਾ ਤਾਂ ਮਾਤਾ-ਪਿਤਾ, ਨਾ ਹੀ ਦੋਸਤ ਉਨ੍ਹਾਂ ਦੀ ਪਸੰਦ 'ਚ ਦਖ਼ਲ ਦੇ ਸਕਦੇ ਹਨ। ਜੱਜ ਸੌਰਭ ਬੈਨਰਜੀ ਨੇ ਲਿਵ ਇਨ 'ਚ ਰਹਿ ਰੇ ਇਕ ਨੌਜਵਾਨ ਨੂੰ ਕੁੜੀ ਦੇ ਪਰਿਵਾਰ ਵਲੋਂ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਉਸ ਨੂੰ ਪੁਲਸ ਸੁਰੱਖਿਆ ਪ੍ਰਦਾਨ ਕੀਤੀ। ਅਦਾਲਤ ਨੇ ਕਿਹਾ ਕਿ ਬਾਲਗ ਹੋਣ ਦੇ ਨਾਤੇ, ਉਨ੍ਹਾਂ ਨੂੰ 'ਆਪਣੀ ਪਸੰਦ ਦੇ ਸਾਥੀ ਦੀ ਚੋਣ ਅਤੇ ਉਸ ਨਾਲ ਰਹਿਣ ਦਾ ਪੂਰਾ ਅਧਿਕਾਰ' ਹੈ।
ਜੱਜ ਨੇ ਜੋੜੇ ਦੀ ਪਟੀਸ਼ਨ 'ਤੇ 13 ਅਗਸਤ ਨੂੰ ਦਿੱਤੇ ਗਏ ਆਦੇਸ਼ 'ਚ ਕਿਹਾ ਕਿ ਆਪਣੀ ਮਰਜ਼ੀ ਨਾਲ ਵਿਆਹ ਕਰਨ ਵਾਲੇ ਬਾਲਗਾਂ ਦੇ ਵਿਆਹ ਨੂੰ ਜਾਤੀ, ਧਰਮ, ਰੰਗ ਜਾਂ ਆਸਥਾ ਤੋਂ ਪਰੇ ਮਾਨਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਅਧੀਨ ਕਿਸੇ ਵਿਅਕਤੀ ਨੂੰ ਮਿਲੇ ਮੌਲਿਕ ਅਧਿਕਾਰਾਂ ਨੂੰ 'ਸਮਾਜਿਤਕ ਨੈਤਿਕਤਾ' ਕਾਰਨ ਸੀਮਿਤ ਕਰਨਾ ਵਿਅਕਤੀ ਨੂੰ ਉਸ ਦੀ ਵਿਸ਼ੇਸ਼ ਪਛਾਣ ਵਾਂਝੇ ਕਰਨ ਦੇ ਸਮਾਨ ਹੈ। ਅਦਾਲਤ ਨੇ ਕਿਹਾ,''ਕਿਉਂਕਿ ਪਟੀਸ਼ਨਕਰਤਾਵਾਂ ਨੇ ਸਵੈ-ਇੱਛਾ ਨਾਲ ਅਤੇ ਪੂਰੀ ਜ਼ਿੰਮੇਵਾਰੀ ਨਾਲ ਇਕ-ਦੂਜੇ ਨਾਲ ਲਿਵ ਇਨ 'ਚ ਰਹਿਣ ਦਾ ਫੈਸਲਾ ਕੀਤਾ ਹੈ, ਇਸ ਲਈ ਕਿਸੇ ਨੂੰ ਵੀ- ਭਾਵੇਂ ਉਹ ਉਨ੍ਹਾਂ ਦੇ ਮਾਤਾ-ਪਿਤਾ, ਰਿਸ਼ਤੇਦਾਰ ਜਾਂ ਦੋਸਤ ਹੀ ਕਿਉਂ ਨਾ ਹੋਣ, ਉਨ੍ਹਾਂ ਨੂੰ ਉਨ੍ਹਾਂ ਦੀ ਇਸ ਪਸੰਦ 'ਚ ਕੋਈ ਰੁਕਾਵਟ ਪਾਉਣ ਜਾਂ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ ਅਤੇ ਉਨ੍ਹਾਂ ਦੀ ਜਾਨ ਜਾਂ ਆਜ਼ਾਦੀ ਨੂੰ ਖ਼ਤਰਾ ਪਹੁੰਚਾਉਣ ਦੀ ਗੱਲ ਹੀ ਛੱਡ ਦਿਓ।''
ਅਦਾਲਤ ਨੇ ਕਿਹਾ,''ਪਟੀਸ਼ਨਕਰਤਾ ਲਿਵ ਇਨ 'ਚ ਹਨ ਅਤੇ ਉਨ੍ਹਾਂ ਨੇ ਕਾਨੂੰਨੀ ਤੌਰ 'ਤੇ ਵਿਆਹ ਨਹੀਂ ਕੀਤਾ ਹੈ ਪਰ ਉਹ ਬਾਲਗ ਹਨ ਅਤੇ ਆਪਣੀ ਮਰਜ਼ੀ ਨਾਲ ਰਹਿ ਰਹੇ ਹਨ, ਇਸ ਲਈ ਇਹ ਰਿਸ਼ਤਾ ਵਿਆਹ ਦੇ ਬਰਾਬਰ ਹੈ।'' ਪਟੀਸ਼ਨਕਰਤਾ ਜੋੜੇ ਦੀ ਉਮਰ ਕਰੀਬ 30 ਸਾਲ ਹੈ। ਉਨ੍ਹਾਂ ਨੇ ਅਦਾਲਤ ਨੇ ਦੱਸਿਆ ਕਿ ਉਹ 'ਕੁਝ ਸਮੇਂ' ਤੋਂ ਨਾਲ ਰਹਿ ਰਹੇ ਹਨ ਅਤੇ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਹਨ। ਕੋਰਟ ਨੂੰ ਦੱਸਿਆ ਗਿਆ ਕਿ ਕੁੜੀ ਦੇ ਪਿਤਾ ਅਤੇ ਭਰਾ ਉਨ੍ਹਾਂ ਦੇ ਰਿਸ਼ਤੇ ਤੋਂ ਖੁਸ਼ ਨਹੀਂ ਹੈ ਅਤੇ ਲਗਾਤਾਰ ਉਨ੍ਹਾਂ ਨੂੰ ਹਿੰਸਾ ਦੀ ਧਮਕੀ ਦੇ ਰਹੇ ਹਨ। ਪਟੀਸ਼ਨਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਸਥਾਨਕ ਥਾਣਾ ਇੰਚਾਰਜ (ਐੱਸਐੱਚਓ) ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
