ਦਿੱਲੀ ''ਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦਾ ਕਹਿਰ, 5 ਜਨਵਰੀ ਤੱਕ ਸੀਤ ਲਹਿਰ ਦੀ ਸੰਭਾਵਨਾ
Friday, Jan 02, 2026 - 12:31 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸ਼ੁੱਕਰਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ 'ਕੋਲਡ ਡੇਅ' ਵਰਗੀਆਂ ਸਥਿਤੀਆਂ ਬਣੀਆਂ ਰਹੀਆਂ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸਫਦਰਜੰਗ 'ਚ ਘੱਟੋ-ਘੱਟ ਤਾਪਮਾਨ 9.1 ਡਿਗਰੀ ਸੈਲਸੀਅਸ ਰਿਹਾ, ਜਦਕਿ ਪਾਲਮ ਅਤੇ ਲੋਧੀ ਰੋਡ 'ਚ 9 ਡਿਗਰੀ, ਰਿਜ 'ਚ 8.7 ਡਿਗਰੀ ਅਤੇ ਆਇਆ ਨਗਰ 'ਚ ਇਹ ਸਭ ਤੋਂ ਘੱਟ 8.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸੀਤ ਲਹਿਰ ਦੀ ਚਿਤਾਵਨੀ
ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ 2 ਜਨਵਰੀ ਤੋਂ 5 ਜਨਵਰੀ ਦਰਮਿਆਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸੀਤ ਲਹਿਰ ਦਾ ਪ੍ਰਭਾਵ ਪੈ ਸਕਦਾ ਹੈ। ਵਿਭਾਗ ਅਨੁਸਾਰ, ਜਦੋਂ ਘੱਟੋ-ਘੱਟ ਤਾਪਮਾਨ ਆਮ ਨਾਲੋਂ 4.5 ਤੋਂ 6.5 ਡਿਗਰੀ ਸੈਲਸੀਅਸ ਹੇਠਾਂ ਚਲਿਆ ਜਾਂਦਾ ਹੈ, ਤਾਂ ਉਸ ਨੂੰ ਸੀਤ ਲਹਿਰ ਘੋਸ਼ਿਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਰਾਤ ਅਤੇ ਸਵੇਰ ਵੇਲੇ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿ ਸਕਦਾ ਹੈ।
ਹਵਾ ਪ੍ਰਦੂਸ਼ਣ ਨੇ ਵਧਾਈ ਚਿੰਤਾ
ਠੰਢ ਦੇ ਨਾਲ-ਨਾਲ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਸ਼ੁੱਕਰਵਾਰ ਸਵੇਰੇ ਦਿੱਲੀ ਦੀ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ 'ਚ ਦਰਜ ਕੀਤੀ ਗਈ। ਹਾਲਾਂਕਿ ਵੀਰਵਾਰ ਦੇ 380 AQI ਦੇ ਮੁਕਾਬਲੇ ਸ਼ੁੱਕਰਵਾਰ ਸਵੇਰੇ ਇਸ 'ਚ ਮਾਮੂਲੀ ਸੁਧਾਰ ਦੇਖਿਆ ਗਿਆ ਅਤੇ ਇਹ 302 ਰਿਹਾ। ਸੀ.ਪੀ.ਸੀ.ਬੀ. (CPCB) ਦੇ ਅੰਕੜਿਆਂ ਮੁਤਾਬਕ, ਦਿੱਲੀ ਦੇ 19 ਨਿਗਰਾਨੀ ਕੇਂਦਰ 'ਬਹੁਤ ਖਰਾਬ' ਅਤੇ ਇਕ 'ਗੰਭੀਰ' ਸ਼੍ਰੇਣੀ 'ਚ ਰਿਹਾ। ਐਨ.ਐਸ.ਆਈ.ਟੀ. (NSIT) ਦਵਾਰਕਾ 'ਚ ਹਾਲਤ ਸਭ ਤੋਂ ਮਾੜੀ ਰਹੀ, ਜਿੱਥੇ ਏਅਰ ਕੁਆਲਿਟੀ ਇੰਡੈਕਸ (AQI) 423 ਤੱਕ ਪਹੁੰਚ ਗਿਆ।
ਆਉਣ ਵਾਲੇ ਦਿਨਾਂ ਦਾ ਹਾਲ
ਹਵਾ ਗੁਣਵੱਤਾ ਚਿਤਾਵਨੀ ਪ੍ਰਣਾਲੀ ਅਨੁਸਾਰ, 4 ਜਨਵਰੀ ਤੱਕ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ 'ਚ ਹੀ ਬਣੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅਗਲੇ 6 ਦਿਨਾਂ ਤੱਕ ਵੀ ਸਥਿਤੀ 'ਚ ਕਿਸੇ ਵੱਡੇ ਸੁਧਾਰ ਦੀ ਉਮੀਦ ਨਹੀਂ ਜਤਾਈ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
