ਦਿੱਲੀ ਵਾਸੀਆਂ ਲਈ ਰਾਹਤ ਦੀ ਖ਼ਬਰ; ਆਸ਼ਰਮ ਅੰਡਰਪਾਸ ਖੁੱਲ੍ਹਿਆ, ਲੱਖਾਂ ਲੋਕਾਂ ਨੂੰ ਹੋਵੇਗਾ ਫਾਇਦਾ

Sunday, Apr 24, 2022 - 04:39 PM (IST)

ਦਿੱਲੀ ਵਾਸੀਆਂ ਲਈ ਰਾਹਤ ਦੀ ਖ਼ਬਰ; ਆਸ਼ਰਮ ਅੰਡਰਪਾਸ ਖੁੱਲ੍ਹਿਆ, ਲੱਖਾਂ ਲੋਕਾਂ ਨੂੰ ਹੋਵੇਗਾ ਫਾਇਦਾ

ਨਵੀਂ ਦਿੱਲੀ (ਭਾਸ਼ਾ)– ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਦੱਖਣੀ ਦਿੱਲੀ ਦੇ ਮਥੁਰਾ ਰੋਡ 'ਤੇ ਬਹੁ-ਉਡੀਕ 'ਆਸ਼ਰਮ ਅੰਡਰਪਾਸ' ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਇੱਥੋਂ ਲੰਘਣ ਵਾਲੇ ਲੱਖਾਂ ਯਾਤਰੀਆਂ ਨੂੰ ਫਾਇਦਾ ਮਿਲੇਗਾ। ਇਹ ਅੰਡਰਪਾਸ ਭੋਗਲ ਨੂੰ ਮਥੁਰਾ ਰੋਡ 'ਤੇ ਨਿਊ ਫਰੈਂਡਜ਼ ਕਾਲੋਨੀ ਨਾਲ ਜੋੜਦਾ ਹੈ। ਇਸ ਦੇ ਉਦਘਾਟਨ ਤੋਂ ਬਾਅਦ ਨਿਊ ਫਰੈਂਡਜ਼ ਕਾਲੋਨੀ ਅਤੇ ਬਦਰਪੁਰ ਤੋਂ ਆਈ. ਟੀ. ਓ. ਅਤੇ ਮੱਧ ਦਿੱਲੀ ਦੇ ਹੋਰ ਖੇਤਰਾਂ ਨੂੰ ਜਾਣ ਵਾਲੇ ਵਾਹਨ ਚਾਲਕਾਂ ਨੂੰ ਰੁੱਝੇ ਆਸ਼ਰਮ ਕ੍ਰਾਸਿੰਗ 'ਤੇ ਜਾਮ ਨਹੀਂ ਮਿਲੇਗਾ।

ਆਸ਼ਰਮ ਚੌਕ ਮੱਧ ਅਤੇ ਦੱਖਣੀ ਦਿੱਲੀ ਵਿਚਾਲੇ ਅਤੇ ਫਰੀਦਾਬਾਦ ਨਾਲ ਵੀ ਇਕ ਮਹੱਤਵਪੂਰਨ ਲਿੰਕ ਹੈ। ਇਹ ਜੰਕਸ਼ਨ ਮਥੁਰਾ ਰੋਡ ਅਤੇ ਰਿੰਗ ਰੋਡ ਨੂੰ ਜੋੜਦਾ ਹੈ। ਸਿਸੋਦੀਆ ਨੇ ਕਿਹਾ ਕਿ ਅੰਡਰਪਾਸ ਨਾ ਸਿਰਫ਼ ਯਾਤਰੀਆਂ ਦੇ ਸਮੇਂ ਦੀ ਬਚਤ ਕਰੇਗਾ ਸਗੋਂ ਰੋਜ਼ਾਨਾ 1,550 ਲੀਟਰ ਈਂਧਨ ਦੀ ਵੀ ਬਚਤ ਕਰੇਗਾ। ਉਪ ਮੁੱਖ ਮੰਤਰੀ ਕੋਲ ਲੋਕ ਨਿਰਮਾਣ ਵਿਭਾਗ ਦਾ ਚਾਰਜ ਵੀ ਹੈ। ਉਨ੍ਹਾਂ ਨੇ ਕਿਹਾ, “ਮੈਨੂੰ ਇੱਥੇ ਇੰਜੀਨੀਅਰਾਂ ਨੇ ਦੱਸਿਆ ਗਿਆ ਕਿ ਸਿਰਫ਼ ਆਸ਼ਰਮ ਲਾਂਘੇ 'ਤੇ ਉਡੀਕ ਕਰਦੇ ਹੋਏ ਹੀ ਵਾਹਨਾਂ ਦਾ ਰੋਜ਼ਾਨਾ ਲਗਭਗ 1,550 ਲੀਟਰ ਈਂਧਨ ਬਰਬਾਦ ਹੁੰਦਾ ਸੀ। ਇਸ ਨਾਲ 3,600 ਕਿਲੋਗ੍ਰਾਮ ਕਾਰਬਨ ਗੈਸ ਦੇ ਨਿਕਾਸ ਵਿਚ ਵੀ ਕਮੀ ਆਵੇਗੀ। ਹੁਣ ਯਾਤਰਾ ਦੇ ਸਮੇਂ ਦੇ ਨਾਲ-ਨਾਲ ਈਂਧਨ ਅਤੇ ਪੈਸੇ ਦੀ ਬਚਤ ਹੋਵੇਗੀ। ਇਸ ਨਾਲ ਦਿੱਲੀ ਦੇ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ।” 

PunjabKesari

ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਗੁੰਝਲਦਾਰ ਉਸਾਰੀ ਦਾ ਕੰਮ ਸੀ ਅਤੇ ਵੱਡੀ ਗਿਣਤੀ ਵਿਚ ਵਾਹਨ ਦੀ ਮੌਜੂਦਗੀ ਦੌਰਾਨ ਅੰਡਰਪਾਸ ਬਣਾਉਣਾ ਬਹੁਤ ਮੁਸ਼ਕਲ ਸੀ। ਸਿਸੋਦੀਆ ਨੇ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਕਿ ਮੌਨਸੂਨ ਦੌਰਾਨ ਅੰਡਰਪਾਸ 'ਤੇ ਪਾਣੀ ਨਾ ਭਰੇ। ਉਨ੍ਹਾਂ ਪਿਛਲੇ ਮਹੀਨੇ ਕਿਹਾ ਸੀ ਕਿ ਇਹ ਅੰਡਰਪਾਸ 22 ਮਾਰਚ ਨੂੰ ਖੋਲ੍ਹ ਦਿੱਤਾ ਜਾਵੇਗਾ ਪਰ ਕੰਮ ਪੂਰਾ ਨਾ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 24 ਦਸੰਬਰ 2019 ਨੂੰ ਇਸ ਅੰਡਰਪਾਸ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਇਸ ਨੂੰ ਇਕ ਸਾਲ ਦੇ ਅੰਦਰ-ਅੰਦਰ ਬਣਾਇਆ ਜਾਣਾ ਸੀ। ਲੋਕ ਨਿਰਮਾਣ ਵਿਭਾਗ (ਪੀ. ਡਬਲਯੂ. ਡੀ) ਦੇ ਮੁੱਖ ਪ੍ਰਾਜੈਕਟ ਮੈਨੇਜਰ ਪੀ. ਕੇ. ਕੁਮਾਰ ਨੇ ਦੱਸਿਆ ਕਿ ਪ੍ਰਾਜੈਕਟ ਦੀ ਅਨੁਮਾਨਤ ਲਾਗਤ 77 ਕਰੋੜ ਰੁਪਏ ਹੈ ਪਰ ਅੰਡਰਪਾਸ ਦੇ ਨਿਰਮਾਣ 'ਤੇ ਸਿਰਫ 53 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਦਕਿ ਬਾਕੀ ਪੈਸਾ ਹੋਰ ਕੰਮਾਂ 'ਤੇ ਖਰਚ ਕੀਤਾ ਗਿਆ ਹੈ। 
 


author

Tanu

Content Editor

Related News