ਰਾਜਨਾਥ ਵੱਲੋਂ ਕਰਨਾਟਕ ਸਿਖਰ ਸੰਮੇਲਨ ਦਾ ਉਦਘਾਟਨ ਕਰਦਿਆਂ ਹੀ ਕਾਂਗਰਸ ’ਚ ਤੂਫਾਨ
Thursday, Feb 13, 2025 - 10:35 PM (IST)
![ਰਾਜਨਾਥ ਵੱਲੋਂ ਕਰਨਾਟਕ ਸਿਖਰ ਸੰਮੇਲਨ ਦਾ ਉਦਘਾਟਨ ਕਰਦਿਆਂ ਹੀ ਕਾਂਗਰਸ ’ਚ ਤੂਫਾਨ](https://static.jagbani.com/multimedia/2025_2image_22_34_570078191investor.jpg)
ਨੈਸ਼ਨਲ ਡੈਸਕ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਬੈਂਗਲੁਰੂ ਵਿਚ ਇਨਵੈਸਟ ਕਰਨਾਟਕ-2025 ਨਾਮੀ 3 ਰੋਜ਼ਾ ਗਲੋਬਲ ਨਿਵੇਸ਼ਕ ਸੰਮੇਲਨ ਦਾ ਉਦਘਾਟਨ ਕੀਤਾ ਤਾਂ ਸਾਰੇ ਹੈਰਾਨ ਰਹਿ ਗਏ। ਕਾਂਗਰਸ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਰਾਜਨਾਥ ਨੂੰ ਸਿਖਰ ਸੰਮੇਲਨ ਦੇ ਉਦਘਾਟਨ ਲਈ ਸੱਦਾ ਦਿੱਤਾ ਸੀ। ਹਾਲਾਂਕਿ, ਉਹ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨ ਪਰ ਪ੍ਰਧਾਨ ਮੰਤਰੀ ਨੇ ਪਹਿਲਾਂ ਤੋਂ ਤੈਅ ਮੀਟਿੰਗ ਕੀਤੀ ਸੀ ਅਤੇ ਫਿਰ ਰਾਜਨਾਥ ਸਿੰਘ ਨੂੰ ਸੱਦਾ ਦਿੱਤਾ ਗਿਆ। ਸੂਬੇ ਦੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ, ਕੇਂਦਰੀ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਹੋਰ ਲੋਕ ਕਾਨਫਰੰਸ ਵਿਚ ਸ਼ਾਮਲ ਹੋਏ।
ਇਹ ਪਹਿਲੀ ਵਾਰ ਸੀ ਜਦੋਂ ਕਿਸੇ ਭਾਜਪਾ ਨੇਤਾ ਨੂੰ ਸਿਖਰ ਸੰਮੇਲਨ ਦੇ ਉਦਘਾਟਨ ਲਈ ਸੱਦਾ ਦਿੱਤਾ ਗਿਆ ਸੀ ਅਤੇ ਇਸ ਨਾਲ ਕਾਂਗਰਸ ਹਾਈਕਮਾਨ ਨਾਰਾਜ਼ ਹੋ ਗਈ ਹੈ। ਸਿੱਧਰਮਈਆ ਨੇ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਵਿਚੋਂ ਕੋਈ ਵੀ ਨਹੀਂ ਆਇਆ। ਮਲਿਕਾਰਜੁਨ ਖੜਗੇ ਇਸ ਵਿਚ ਸ਼ਾਮਲ ਹੋ ਸਕਦੇ ਸਨ ਕਿਉਂਕਿ ਉਨ੍ਹਾਂ ਦਾ ਪਿਛਲੇ ਸੋਮਵਾਰ ਕੋਈ ਵੱਡਾ ਪ੍ਰੋਗਰਾਮ ਨਹੀਂ ਸੀ ਪਰ ਉਹ ਨਹੀਂ ਆਏ। ਰਾਹੁਲ ਗਾਂਧੀ ਨੇ ਕੋਈ ਜਵਾਬ ਵੀ ਨਹੀਂ ਦਿੱਤਾ ਅਤੇ ਬਾਕੀ ਕਾਂਗਰਸੀ ਵੀ ਕਾਨਫਰੰਸ ਤੋਂ ਦੂਰ ਰਹੇ।
ਇਸ ’ਚ ਕੋਈ ਸ਼ੱਕ ਨਹੀਂ ਕਿ ਅਜਿਹੇ ਨਿਵੇਸ਼ ਸਿਖਰ ਸੰਮੇਲਨ ਪੂਰੀ ਤਰ੍ਹਾਂ ਵਪਾਰਕ ਹੁੰਦੇ ਹਨ ਅਤੇ ਇਨ੍ਹਾਂ ਦਾ ਉਦੇਸ਼ ਸੂਬੇ ਦੇ ਪ੍ਰਾਜੈਕਟਾਂ ਲਈ ਫੰਡ ਮੁਹੱਈਆ ਕਰਾਉਣਾ ਹੁੰਦਾ ਹੈ ਪਰ ਅਜਿਹੇ ਕਈ ਲੋਕ ਹਨ, ਜੋ ਇਸ ਗੱਲ ਤੋਂ ਹੈਰਾਨ ਹਨ ਕਿ ਮੁੱਖ ਮੰਤਰੀ ਸਿੱਧਰਮਈਆ ਨੇ ਇਸ ਮੌਕੇ ਕੇਂਦਰ ਨਾਲ ਸਬੰਧ ਬਣਾਉਣ ਦਾ ਫੈਸਲਾ ਕਿਉਂ ਕੀਤਾ, ਜਦੋਂ ਇਕ ਪਾਸੇ ਭਾਜਪਾ ਉਨ੍ਹਾਂ ਦੀ ਸਰਕਾਰ ਡੇਗਣ ਦੀ ਤਿਆਰੀ ਕਰ ਰਹੀ ਹੈ ਅਤੇ ਉਨ੍ਹਾਂ ਦੇ ਉਪ ਮੁੱਖ ਮੰਤਰੀ ਵੀ ਅੰਦਰੋਂ-ਅੰਦਰੀ ਇਸ ਦੀ ਤਿਆਰੀ ਕਰ ਰਹੇ ਹਨ।
ਅਜਿਹਾ ਲੱਗਦਾ ਹੈ ਕਿ ਸਿੱਧਰਮਈਆ ਦੇ ਦਿਮਾਗ ਵਿਚ ਕੁਝ ਚੱਲ ਰਿਹਾ ਹੈ ਕਿਉਂਕਿ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਸੱਤਾ-ਵੰਡ ਦੇ ਫਾਰਮੂਲੇ ਤਹਿਤ ਸੀਟ ਛੱਡਣ ਦਾ ਸੰਕੇਤ ਦੇ ਰਹੀ ਹੈ। ਮੌਜੂਦਾ ਘਟਨਾਕ੍ਰਮ ਦਿਲਚਸਪ ਹਨ। ਹਾਲਾਂਕਿ, ਭਾਜਪਾ ਨੇਤਾ ਕਹਿ ਰਹੇ ਹਨ ਕਿ ਇਸ ਘਟਨਾ ਦਾ ਕੋਈ ਮਤਲਬ ਨਹੀਂ ਹੈ ਇਸ ਨੂੰ ਜ਼ਿਆਦਾ ਖਿੱਚਣਾ ਨਹੀਂ ਚਾਹੀਦਾ ਕਿਉਂਕਿ ਪਾਰਟੀ ਚੋਣਾਂ ਵਿਚ ਕਾਂਗਰਸ ਨੂੰ ਹਰਾ ਦੇਵੇਗੀ ਅਤੇ ਸਿੱਧਰਮਈਆ ਨਾਲ ਕੋਈ ਸੌਦਾ ਨਹੀਂ ਕੀਤਾ ਗਿਆ ਹੈ।