ਟਰੰਪ ਦੇ ਬਿਆਨ ''ਤੇ ਸੰਸਦ ''ਚ ਹੰਗਾਮਾ, ਰਾਜਨਾਥ ਬੋਲੇ- ''ਵਿਚੋਲਗੀ ਦਾ ਤਾਂ ਸਵਾਲ ਹੀ ਨਹੀਂ ਉਠਦਾ''

Wednesday, Jul 24, 2019 - 01:30 PM (IST)

ਟਰੰਪ ਦੇ ਬਿਆਨ ''ਤੇ ਸੰਸਦ ''ਚ ਹੰਗਾਮਾ, ਰਾਜਨਾਥ ਬੋਲੇ- ''ਵਿਚੋਲਗੀ ਦਾ ਤਾਂ ਸਵਾਲ ਹੀ ਨਹੀਂ ਉਠਦਾ''

ਨਵੀਂ ਦਿੱਲੀ— ਕਸ਼ਮੀਰ ਮੁੱਦੇ 'ਤੇ ਵਿਚੋਲਗੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ 'ਤੇ ਲੋਕ ਸਭਾ 'ਚ ਬੁੱਧਵਾਰ ਨੂੰ ਹੰਗਾਮਾ ਹੁੰਦਾ ਰਿਹਾ। ਵਿਰੋਧੀ ਧਿਰ ਦੇ ਹੰਗਾਮੇ ਅਤੇ ਕਾਂਗਰਸ ਦੇ ਵਾਕਆਊਟ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਕਿਸੇ ਤੀਜੇ ਪੱਖ ਦੀ ਵਿਚੋਲਗੀ ਦਾ ਸਵਾਲ ਹੀ ਨਹੀਂ ਉਠਦਾ। ਅਜਿਹਾ ਕਰਨਾ ਸ਼ਿਮਲਾ ਸਮਝੌਤੇ ਦੀ ਵਚਨਬੱਧਤਾ ਤੋਂ ਪਿੱਛੇ ਹਟਣਾ ਹੋਵੇਗਾ। ਅਸੀਂ ਰਾਸ਼ਟਰ ਦੇ ਸਵੈ ਸਨਮਾਨ ਨਾਲ ਕਿਸੇ ਵੀ ਕੀਮਤ 'ਤੇ ਕਦੇ ਸਮਝੌਤਾ ਨਹੀਂ ਕਰਾਂਗੇ। ਰੱਖਿਆ ਮੰਤਰੀ ਰਾਜਨਾਥ ਨੇ ਕਿਹਾ ਕਿ ਜਿੱਥੋਂ ਤਕ ਸਾਡੇ ਪ੍ਰਧਾਨ ਮੰਤਰੀ ਜੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਗੱਲਬਾਤ ਦਾ ਪ੍ਰਸ਼ਨ ਹੈ ਤਾਂ ਜੂਨ ਮਹੀਨੇ 'ਚ ਗੱਲਬਾਤ ਹੋਈ ਸੀ। ਸਾਡੇ ਵਿਦੇਸ਼ ਮੰਤਰੀ ਨੇ ਇਹ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਹੈ ਕਿ ਕਸ਼ਮੀਰ ਦੇ ਮੁੱਦੇ 'ਤੇ ਰਾਸ਼ਟਰਪਤੀ ਟਰੰਪ ਨਾਲ ਕੋਈ ਗੱਲਬਾਤ ਨਹੀਂ ਹੋਈ। ਇਸ ਵਿਸ਼ੇ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਬਿਆਨ ਸਭ ਤੋਂ ਵਧ ਪ੍ਰਮਾਣਿਕ ਹੈ। ਰਾਜਨਾਥ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨਾਲ ਸਿਰਫ ਕਮਸ਼ੀਰ 'ਤੇ ਗੱਲਬਾਤ ਨਹੀਂ ਹੋ ਸਕਦੀ, ਉਸ ਨਾਲ ਜੇਕਰ ਗੱਲਬਾਤ ਹੋਵੇਗੀ ਤਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਤੇ ਵੀ ਹੋਵੇਗੀ। 

ਓਧਰ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਦੁਨੀਆ ਦੇ ਦੋ ਵੱਡੇ ਲੋਕਤੰਤਰ ਦੇ ਮੁਖੀਆ ਟਰੰਪ ਅਤੇ ਨਰਿੰਦਰ ਮੋਦੀ ਵਿਚਾਲੇ ਓਸਾਕਾ ਵਿਚ ਗੱਲਬਾਤ ਹੋਈ। ਟਰੰਪ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ 'ਤੇ ਵਿਚੋਲਗੀ ਕਰਨ ਦੀ ਅਪੀਲ ਕੀਤੀ ਸੀ। ਹੁਣ ਪੂਰਾ ਦੇਸ਼ ਜਾਣਨਾ ਚਾਹੁੰਦਾ ਹੈ ਕਿ ਸੱਚਾਈ ਕੀ ਹੈ? ਉਨ੍ਹਾਂ ਨੇ ਕਿਹਾ ਕਿ ਟਰੰਪ ਜੋ ਕਹਿ ਰਹੇ ਹਨ, ਉਹ ਸਹੀ ਵੀ ਹੋ ਸਕਦਾ ਹੈ, ਗਲਤ ਵੀ ਹੋ ਸਕਦਾ ਹੈ। ਇਸ ਵਿਸ਼ੇ 'ਤੇ ਪ੍ਰਧਾਨ ਮੰਤਰੀ ਜੀ ਨਹੀਂ ਬੋਲ ਰਹੇ ਹਨ, ਇਸ ਲਈ ਸ਼ੰਕਾ ਪੈਦਾ ਹੁੰਦੀ ਹੈ। ਪ੍ਰਧਾਨ ਮੰਤਰੀ ਸਦਨ ਵਿਚ ਆਉਣ ਅਤੇ ਸਥਿਤੀ ਸਾਫ ਕਰਨ। ਅਧੀਨ ਦੇ ਇਸ ਬਿਆਨ 'ਤੇ ਰਾਜਨਾਥ ਨੇ ਕਿਹਾ ਕਿ ਲੋਕਤੰਤਰ ਵਿਸ਼ਵਾਸ ਦੇ ਆਧਾਰ 'ਤੇ ਚੱਲਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਮੈਂਬਰਾਂ ਨੇ ਕਿਹਾ ਸੀ ਕਿ ਸੁਣਾਂਗੇ ਪਰ ਉਹ ਵਾਕਆਊਟ ਕਰ ਗਏ।


author

Tanu

Content Editor

Related News