UPSC ਵਿਦਿਆਰਥੀ ਦੀ ਦਰੱਖ਼ਤ ਨਾਲ ਲਟਕਦੀ ਮਿਲੀ ਸੜੀ ਲਾਸ਼
Monday, Sep 23, 2024 - 01:10 PM (IST)
ਨਵੀਂ ਦਿੱਲੀ- ਉੱਤਰੀ-ਪੱਛਮੀ ਦਿੱਲੀ ਵਿਚ ਮੁਖਰਜੀ ਨਗਰ ਇਲਾਕੇ ਦੇ ਜੰਗਲੀ ਖੇਤਰ ਵਿਚ ਇਕ ਸਿਵਲ ਸਰਵਿਸਿਜ਼ ਵਿਦਿਆਰਥੀ ਦੀ ਸੜੀ ਹੋਈ ਲਾਸ਼ ਦਰੱਖ਼ਤ ਨਾਲ ਲਟਕਦੀ ਮਿਲੀ। ਪੁਲਸ ਨੇ ਦੱਸਿਆ ਕਿ ਰਾਜਸਥਾਨ ਦੇ ਦੌਸਾ ਦੇ ਰਹਿਣ ਵਾਲੇ ਦੀਪਕ ਕੁਮਾਰ ਮੀਨਾ ਦੀ ਲਾਸ਼ 20 ਸਤੰਬਰ ਨੂੰ ਇਕ ਕੋਚਿੰਗ ਇੰਸਟੀਚਿਊਟ ਦੀ ਲਾਇਬ੍ਰੇਰੀ ਨੇੜੇ ਜੰਗਲੀ ਖੇਤਰ 'ਚੋਂ ਬਰਾਮਦ ਹੋਈ ਸੀ। ਉਹ ਕਈ ਦਿਨਾਂ ਤੋਂ ਲਾਪਤਾ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੀਨਾ ਵੱਲੋਂ ਖੁਦਕੁਸ਼ੀ ਕਰਨ ਦਾ ਸ਼ੱਕ ਹੈ।
ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਸ਼ੱਕ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੀਨਾ ਦੇ ਪਿਤਾ ਸੀ.ਐਲ. ਮੀਨਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਬੇਟਾ ਮੁੱਢਲੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ.) ਦੀ ਮੁੱਖ ਪ੍ਰੀਖਿਆ ਦੀ ਤਿਆਰੀ ਲਈ ਜੁਲਾਈ 'ਚ ਦਿੱਲੀ ਆਇਆ ਸੀ। ਮੀਨਾ ਦੇ ਪਿਤਾ ਨੇ ਦੱਸਿਆ ਕਿ ਉਹ ਰੋਜ਼ਾਨਾ ਸ਼ਾਮ ਨੂੰ ਘਰ ਫੋਨ ਕਰਦਾ ਸੀ ਅਤੇ 10 ਸਤੰਬਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਖਰੀ ਵਾਰ ਗੱਲ ਕੀਤੀ ਸੀ। ਉਸ ਨੇ ਦੱਸਿਆ ਕਿ ਜਦੋਂ 13 ਸਤੰਬਰ ਤੱਕ ਉਸ ਦਾ ਫੋਨ ਨਹੀਂ ਆਇਆ ਤਾਂ ਉਹ ਦਿੱਲੀ ਪਹੁੰਚ ਗਿਆ ਅਤੇ ਆਪਣੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ।
ਸੀ.ਐਲ. ਮੀਨਾ ਵੀ 'ਪੀਜੀ' ਰਿਹਾਇਸ਼ 'ਤੇ ਵੀ ਹਏ ਜਿੱਥੇ ਉਸ ਦਾ ਲੜਕਾ ਰਹਿੰਦਾ ਸੀ ਅਤੇ ਦੀਪਕ ਦੇ ਨਾਲ ਕਮਰੇ 'ਚ ਰਹਿੰਦੇ ਨੌਜਵਾਨ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦਾ ਲੜਕਾ ਦੋ ਦਿਨਾਂ ਤੋਂ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਉਸ ਨੇ ਮੁਖਰਜੀ ਨਗਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਤਲਾਸ਼ੀ ਦੌਰਾਨ ਮੀਨਾ ਦੀ ਲਾਸ਼ ਇੰਸਟੀਚਿਊਟ ਦੇ ਨੇੜੇ ਜੰਗਲ 'ਚੋਂ ਮਿਲੀ, ਜਿੱਥੇ ਉਹ ਪੜ੍ਹਦਾ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ੱਕ ਹੈ ਕਿ ਉਹ ਕਲਾਸ ਤੋਂ ਬਾਅਦ ਜੰਗਲ ਵੱਲ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੀਨਾ ਦਾ ਬੈਗ ਉਸੇ ਦਰੱਖਤ ਨਾਲ ਲਟਕਦਾ ਮਿਲਿਆ ਅਤੇ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।