ਜੇਕਰ ਚੋਣ ਨਤੀਜੇ ਐਲਾਨਣੇ ਹਨ ਤਾਂ ਪਹਿਲਾਂ ਗੰਦਗੀ ਸਾਫ਼ ਕਰੋ: ਹਾਈ ਕੋਰਟ

Wednesday, Oct 09, 2024 - 02:55 PM (IST)

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (DUSU) ਦੇ ਉਮੀਦਵਾਰਾਂ ਨੂੰ ਕਿਹਾ ਕਿ ਜੇਕਰ ਉਹ ਵੋਟਾਂ ਦੀ ਗਿਣਤੀ ਕਰਵਾਉਣਾ ਚਾਹੁੰਦੇ ਹਨ ਤਾਂ ਪੋਲਿੰਗ ਦੌਰਾਨ ਕੈਂਪਸ 'ਚ ਫੈਲੇ ਕੂੜੇ ਨੂੰ ਸਾਫ਼ ਕਰਨ। ਹਾਈ ਕੋਰਟ ਨੇ 26 ਸਤੰਬਰ ਨੂੰ  ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਅਤੇ ਕਾਲਜਾਂ ਦੀਆਂ ਚੋਣਾਂ ਦੇ ਨਤੀਜਿਆਂ ਦੀ ਗਿਣਤੀ ਅਤੇ ਐਲਾਨ 'ਤੇ ਰੋਕ ਲਗਾ ਦਿੱਤੀ ਸੀ। ਅਦਾਲਤ ਨੇ ਕਿਹਾ ਕਿ ਉਸ ਦਾ ਉਦੇਸ਼ ਚੋਣ ਪ੍ਰਕਿਰਿਆ 'ਚ ਵਿਘਨ ਪਾਉਣਾ ਨਹੀਂ ਸੀ ਸਗੋਂ ਸਿਰਫ਼ ਇਹ ਸੰਦੇਸ਼ ਦੇਣਾ ਸੀ ਕਿ ਇਸ ਤਰ੍ਹਾਂ ਦੀਆਂ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੀਫ਼ ਜਸਟਿਸ ਮਨਮੋਹਨ ਅਤੇ ਜਸਟਿਸ ਤੁਸ਼ਾਰ ਰਾਓ ਗੇਡੇਲਾ ਦੀ ਬੈਂਚ ਨੇ ਕਿਹਾ ਕਿ ਤੁਸੀਂ ਗੰਦਗੀ ਸਾਫ਼ ਕਿਉਂ ਨਹੀਂ ਕਰਦੇ। ਜਿਸ ਦਿਨ ਉਸ ਥਾਂ ਦੀ ਗੰਦਗੀ ਸਾਫ਼ ਹੋ ਜਾਵੇਗੀ, ਅਗਲੇ ਦਿਨ ਹੀ ਵੋਟਾਂ ਦੀ ਗਿਣਤੀ ਹੋਣ ਦੇਵਾਂਗੇ।

ਅਦਾਲਤ ਦਿੱਲੀ ਯੂਨੀਵਰਸਿਟੀ (DU) ਦੇ ਦੋ ਵੱਖ-ਵੱਖ ਕਾਲਜਾਂ 'ਚ ਚੋਣ ਲੜਨ ਵਾਲੇ ਦੋ ਉਮੀਦਵਾਰਾਂ ਵੱਲੋਂ ਦਾਇਰ ਇਕ ਅਰਜ਼ੀ ਦੀ ਸੁਣਵਾਈ ਕਰ ਰਹੀ ਸੀ, ਜਿਸ ਵਿਚ ਨਤੀਜਿਆਂ ਦਾ ਐਲਾਨ ਕਰਨ ਦੀ ਮੰਗ ਕੀਤੀ ਗਈ ਸੀ। ਉਮੀਦਵਾਰਾਂ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ  ਵਿਦਿਆਰਥੀਆਂ ਵਲੋਂ ਸਾਰੇ ਕਾਲਜ ਕੰਪਲੈਕਸ ਸਾਫ਼ ਕੀਤੇ ਜਾਣ ਅਤੇ ਯੂਨੀਵਰਸਿਟੀ ਦੇ ਤਾਲਮੇਲ ਨਾਲ ਉਨ੍ਹਾਂ ਨੂੰ ਮੁੜ ਪੇਂਟ ਕੀਤੇ ਜਾਵੇਗਾ। ਇਹ ਅਰਜ਼ੀ ਇਕ ਪੈਂਡਿੰਗ ਪਟੀਸ਼ਨ ਦੇ ਸੰਦਰਭ 'ਚ ਦਾਇਰ ਕੀਤੀ ਗਈ ਸੀ ਜਿਸ 'ਚ ਜਨਤਕ ਕੰਧਾਂ ਨੂੰ ਨੁਕਸਾਨ ਪਹੁੰਚਾਉਣ, ਉਨ੍ਹਾਂ ਦੀ ਅਸਲ ਦਿੱਖ ਨੂੰ ਵਿਗਾੜਨ 'ਚ ਸ਼ਾਮਲ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਉਮੀਦਵਾਰਾਂ ਅਤੇ ਵਿਦਿਆਰਥੀ ਸੰਗਠਨਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਸੀ। ਪਟੀਸ਼ਨਕਰਤਾ ਅਤੇ ਵਕੀਲ ਪ੍ਰਸ਼ਾਂਤ ਮਨਚੰਦਾ ਨੇ ਕਿਹਾ ਕਿ ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਦੇ ਜ਼ਿੰਮੇਵਾਰਾਂ ਨੂੰ ਹਦਾਇਤ ਦਿੱਤੀ ਜਾਵੇ ਕਿ ਉਹ ਗੰਦਗੀ ਨੂੰ ਸਾਫ਼ ਕਰਨ ਅਤੇ ਉਨ੍ਹਾਂ ਖੇਤਰਾਂ ਨੂੰ ਮੁੜ ਨਵੇਂ ਵਰਗਾ ਬਣਾਉਣ ਅਤੇ ਤਬਾਹ ਹੋਏ ਖੇਤਰਾਂ ਦੇ ਸੁੰਦਰੀਕਰਨ ਲਈ ਉਪਰਾਲੇ ਕਰਨ।

ਅਦਾਲਤ ਨੇ ਉਮੀਦਵਾਰਾਂ, ਪਟੀਸ਼ਨਕਰਤਾ, ਦਿੱਲੀ ਨਗਰ ਨਿਗਮ (MCD) ਅਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੂੰ ਆਪਣੀ ਸਥਿਤੀ ਰਿਪੋਰਟ ਦਾਇਰ ਕਰਨ ਦਾ ਸਮਾਂ ਦਿੱਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ ਲਈ 21 ਅਕਤੂਬਰ ਦੀ ਤਾਰੀਖ਼ ਤੈਅ ਕੀਤੀ। ਅਦਾਲਤ ਨੇ 26 ਸਤੰਬਰ ਨੂੰ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਅਤੇ ਕਾਲਜ ਚੋਣਾਂ ਲਈ ਵੋਟਾਂ ਦੀ ਗਿਣਤੀ 'ਤੇ ਉਦੋਂ ਤੱਕ ਰੋਕ ਲਗਾ ਦਿੱਤੀ ਸੀ, ਜਦੋਂ ਤੱਕ ਕਿ ਕੰਧਾਂ 'ਤੇ ਲਿਖੇ ਪੋਸਟਰਾਂ, ਹੋਰਡਿੰਗਾਂ ਅਤੇ ਨਾਅਰਿਆਂ ਸਮੇਤ ਸਾਰੀਆਂ ਖਰਾਬ ਸਮੱਗਰੀਆਂ ਨੂੰ ਹਟਾਇਆ ਨਹੀਂ ਜਾਂਦਾ।


Tanu

Content Editor

Related News