ਪੁਲਸ ਹਿਰਾਸਤ ''ਚ ਨੌਜਵਾਨ ਦੀ ਮੌਤ, ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ

Friday, Dec 16, 2022 - 12:50 PM (IST)

ਪੁਲਸ ਹਿਰਾਸਤ ''ਚ ਨੌਜਵਾਨ ਦੀ ਮੌਤ, ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ

ਹਰਿਆਣਾ- ਪੁਲਸ ਹਿਰਾਸਤ 'ਚ ਥਰਡ ਡਿਗਰੀ ਨਾਲ ਇਕ ਸ਼ਖਸ ਦੀ ਮੌਤ ਹੋਣ ਦੇ ਮਾਮਲੇ 'ਚ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖ਼ਤ ਐਕਸ਼ਨ ਲਿਆ ਹੈ। ਕਮਿਸ਼ਨ ਨੇ ਇਸ ਨੂੰ ਹਿਰਾਸਤ ਦੌਰਾਨ ਮੌਤ ਕਰਾਰ ਦਿੰਦੇ ਹੋਏ ਪ੍ਰਦੇਸ਼ ਸਰਕਾਰ ਨੂੰ ਪੀੜਤ ਦੇ ਪਰਿਵਾਰ ਨੂੰ 7.5 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਐੱਫ.ਆਈ.ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਪੀੜਤ ਦੇ ਸਰੀਰ 'ਤੇ 22 ਨਿਸ਼ਾਨ ਮਿਲੇ ਸਨ। ਜਾਣਕਾਰੀ ਅਨੁਸਾਰ ਨਰੇਸ਼ ਨਾਮੀ ਵਿਅਕਤੀ ਨੇ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਸ ਦੇ ਭਰਾ ਮਿੰਟੂ ਨੂੰ ਬੀਤੀ 16 ਅਕਤੂਬਰ 2021 ਨੂੰ ਸੀ.ਆਈ.ਏ. ਕਰਨਾਲ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹਿਰਾਸਤ ਦੌਰਾਨ ਪੁੱਛ-ਗਿੱਛ ਦੇ ਨਾਮ 'ਤੇ ਉਸ ਦੇ ਭਰਾ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ। ਥਰਡ ਡਿਗਰੀ ਟਾਰਚਰ ਕਾਰਨ ਮਿੰਟੂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੇ ਪੁਲਸ ਹਿਰਾਸਤ 'ਚ ਹੀ ਦਮ ਤੋੜ ਦਿੱਤਾ। ਮੈਡੀਕਲ ਜਾਂਚ 'ਚ ਵੀ ਮਿੰਟੂ ਦੇ ਸਰੀਰ 'ਤੇ 22 ਸੱਟਾਂ ਲੱਗੀਆਂ ਸਨ।

ਮਨੁੱਖੀ ਅਧਿਕਾਰ ਕਮਿਸ਼ਨ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਪੁਲਸ ਅਤੇ ਸੰਬੰਧਤ ਅਧਿਕਾਰੀਆਂ ਤੋਂ ਜਵਾਬ ਮੰਗਿਆ ਸੀ। ਕਮਿਸ਼ਨ ਨੇ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਜਾਂਚ ਅਤੇ ਤੱਥਾਂ ਦੇ ਆਧਾਰ 'ਤੇ ਇਸ ਨੂੰ ਹਿਰਾਸਤ ਦੌਰਾਨ ਹੋਈ ਮੌਤ ਮੰਨਿਆ ਸੀ। ਮਨੁੱਖੀ ਅਧਿਕਾਰ ਕਮਿਸ਼ਨ ਨੇ ਬੈਂਚ ਪ੍ਰਧਾਨ ਜਸਟਿਸ ਐੱਸ.ਕੇ. ਮਿੱਤਲ ਅਤੇ ਮੈਂਬਰ ਦੀਪ ਭਾਟੀਆ ਨੇ ਇਸ ਮਾਮਲੇ 'ਚ ਸਰਕਾਰ ਨੂੰ ਪੁਲਸ ਖ਼ਿਲਾਫ਼ ਨਾ ਸਿਰਫ਼ ਕਾਰਵਾਈ ਕਰਨ ਲਈ ਕਿਹਾ ਹੈ ਸਗੋਂ ਮ੍ਰਿਤਕ ਦੇ ਪਰਿਵਾਰ ਨੂੰ ਸਾਢੇ 7 ਲੱਖ ਰੁਪਏ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤਾ ਹੈ।


author

DIsha

Content Editor

Related News