ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਵਾਰਸਾਂ ਲਈ ਮੁਆਵਜ਼ਾ ਦੇਣ ਦੀ ਸਮਾਂ ਹੱਦ ਤੈਅ
Tuesday, Apr 12, 2022 - 10:12 AM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੇ 24 ਮਾਰਚ ਦੇ ਇਕ ਹੁਕਮ ’ਚ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਮੁਆਵਜ਼ੇ ਦੇ ਦਾਅਵੇ ਦਰਜ ਕਰਨ ਲਈ ਸਮਾਂ ਹੱਦ ਤੈਅ ਕੀਤੀ ਸੀ। 20 ਮਾਰਚ ਤੋਂ ਪਹਿਲਾਂ ਹੋਈਆਂ ਮੌਤਾਂ ਲਈ 60 ਦਿਨਾਂ ਦੇ ਅੰਦਰ ਅਪਲਾਈ ਕੀਤਾ ਜਾਣਾ ਹੈ, ਜਦੋਂ ਕਿ ਭਵਿੱਖ ’ਚ ਕਿਸੇ ਵੀ ਮੌਤ ਲਈ ਮੁਆਵਜ਼ੇ ਨੂੰ ਲੈ ਕੇ 90 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਅਰਜ਼ੀਆਂ ਨੂੰ ਪ੍ਰੋਸੈੱਸ ਕਰਨ ਅਤੇ ਦਾਅਵੇ ਮਿਲਣ ਦੀ ਤਾਰੀਕ ਤੋਂ 30 ਦਿਨਾਂ ਦੀ ਮਿਆਦ ਦੇ ਅੰਦਰ ਮੁਆਵਜ਼ੇ ਦਾ ਅਸਲ ਭੁਗਤਾਨ ਕਰਨ ਲਈ ਪਹਿਲਾਂ ਦੇ ਹੁਕਮ ਨੂੰ ਲਾਗੂ ਕੀਤਾ ਜਾਣਾ ਜਾਰੀ ਰਹੇਗਾ।
ਸਰਕਾਰ ਨੇ ਕਿਹਾ ਕਿ ਹਾਲਾਂਕਿ ਅਦਾਲਤ ਨੇ ਹੁਕਮ ਦਿੱਤਾ ਕਿ ਬਹੁਤ ਜ਼ਿਆਦਾ ਔਖਿਆਈ ਦੇ ਮਾਮਲੇ ’ਚ ਜਿੱਥੇ ਕੋਈ ਦਾਅਵੇਦਾਰ ਤੈਅ ਸਮੇਂ ਦੇ ਅੰਦਰ ਅਪਲਾਈ ਨਹੀਂ ਕਰ ਸਕਦਾ ਹੈ, ਉਸ ਦੇ ਲਈ ਸ਼ਿਕਾਇਤ ਨਿਪਟਾਰਾ ਕਮੇਟੀ ਨਾਲ ਸੰਪਰਕ ਕਰਨ ਅਤੇ ਪੈਨਲ ਰਾਹੀਂ ਦਾਅਵਾ ਕੀਤਾ ਜਾ ਸਕਦਾ ਹੈ। ਇਨ੍ਹਾਂ ਦਾਅਵਿਆਂ ’ਤੇ ਕੇਸ ਦਰ ਕੇਸ ਵਿਚਾਰ ਕੀਤਾ ਜਾਵੇਗਾ। ਜੇਕਰ ਕਮੇਟੀ ਵੱਲੋਂ ਇਹ ਪਾਇਆ ਜਾਂਦਾ ਹੈ ਕਿ ਕੋਈ ਵਿਸ਼ੇਸ਼ ਦਾਅਵੇਦਾਰ ਤੈਅ ਸਮੇਂ ਦੇ ਅੰਦਰ ਦਾਅਵਾ ਨਹੀਂ ਕਰ ਸਕਦਾ ਹੈ ਤਾਂ ਯੋਗਤਾ ਦੇ ਆਧਾਰ ’ਤੇ ਵਿਚਾਰ ਕੀਤਾ ਜਾਵੇਗਾ।