ਜਬਰ ਜ਼ਿਨਾਹ ਦੀ ਸੱਚਾਈ ਦਾ ਪਤਾ ਲਗਾਉਣ ਲਈ ਧੀ ਦੀ ਲਾਸ਼ 44 ਦਿਨਾਂ ਤੱਕ ਲੂਣ ਦੇ ਟੋਏ ''ਚ ਰੱਖੀ
Friday, Sep 16, 2022 - 04:14 PM (IST)
ਮੁੰਬਈ (ਭਾਸ਼ਾ)- ਮਹਾਰਾਸ਼ਟਰ ਦੇ ਨੰਦੂਰਬਾਰ 'ਚ ਇਕ ਜਨਜਾਤੀ ਭਾਈਚਾਰੇ ਦੇ ਇਕ ਵਿਅਕਤੀ ਨੇ ਆਪਣੀ ਧੀ ਦੀ ਲਾਸ਼ ਨੂੰ ਸੁਰੱਖਿਅਤ ਰੱਖਣ ਲਈ 44 ਦਿਨਾਂ ਤੱਕ ਲੂਣ ਦੇ ਟੋਏ 'ਚ ਰੱਖਿਆ ਤਾਂ ਜੋ ਉਹ ਉਸ ਦਾ ਦੂਜਾ ਪੋਸਟਮਾਰਟਮ ਕਰਵਾ ਸਕੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਪਿਤਾ ਨੇ ਦੋਸ਼ ਲਾਇਆ ਹੈ ਕਿ ਉਸ ਦੀ ਧੀ ਦੀ ਮੌਤ ਤੋਂ ਪਹਿਲਾਂ ਉਸ ਨਾਲ ਜਬਰ ਜ਼ਿਨਾਹ ਕੀਤਾ ਗਿਆ ਸੀ ਅਤੇ ਉਸ ਨੇ ਮੰਗ ਕੀਤੀ ਕਿ ਉਸ ਦੀ ਧੀ ਦੀ ਲਾਸ਼ ਦਾ ਦੂਜਾ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ। ਇਕ ਅਧਿਕਾਰੀ ਨੇ ਦੱਸਿਆ ਕਿ ਨੰਦੂਰਬਾਰ ਜ਼ਿਲ੍ਹੇ ਦੀ ਇਕ 21 ਸਾਲਾ ਔਰਤ ਦੀ ਲਾਸ਼ ਵੀਰਵਾਰ ਨੂੰ ਮੁੰਬਈ ਦੇ ਸਰਕਾਰੀ ਜੇ.ਜੇ. ਹਸਪਤਾਲ 'ਚ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਦੀ ਕਮੇਟੀ ਬਣਾਈ ਜਾ ਰਹੀ ਹੈ ਅਤੇ ਸ਼ੁੱਕਰਵਾਰ ਨੂੰ ਯਾਨੀ ਅੱਜ ਪੋਸਟਮਾਰਟਮ ਕੀਤਾ ਜਾਵੇਗਾ।''
ਇਹ ਵੀ ਪੜ੍ਹੋ : ਅਜ਼ਬ-ਗਜ਼ਬ! ਕੇਰਲ ਵਿਚ ਪੁਲਸ ਥਾਣੇ ਦੇ ਰੱਖਿਅਕ ਬਣੇ ‘ਸੱਪ’
ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਲਾਸ਼ 1 ਅਗਸਤ ਨੂੰ ਨੰਦੂਰਬਾਰ ਦੇ ਧੜਗਾਓਂ ਦੇ ਵਾਵੀ ਵਿਖੇ ਫਾਹੇ ਨਾਲ ਲਟਕੀ ਮਿਲੀ ਸੀ। ਔਰਤ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਉਸ ਦੀ ਧੀ ਨਾਲ ਚਾਰ ਵਿਅਕਤੀਆਂ ਨੇ ਜਬਰ ਜ਼ਿਨਾਹ ਕੀਤਾ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਮੌਤ ਤੋਂ ਬਾਅਦ, ਨੰਦੂਰਬਾਰ ਦੇ ਇਕ ਸਰਕਾਰੀ ਹਸਪਤਾਲ 'ਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਪੋਸਟਮਾਰਟਮ ਰਿਪੋਰਟ 'ਚ ਕਿਸੇ ਸਾਜ਼ਿਸ਼ ਦਾ ਖੁਲਾਸਾ ਨਾ ਹੋਣ ਤੋਂ ਬਾਅਦ ਖੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਚੋਰੀ ਕਰਨ ਲੱਗੇ ਚੋਰ ਨੂੰ ਯਾਤਰੀਆਂ ਨੇ ਫੜਿਆ, ਚੱਲਦੀ ਰੇਲ ਗੱਡੀ ਦੀ ਖਿੜਕੀ ਨਾਲ ਲਟਕਾਇਆ (ਵੀਡੀਓ)
ਅਧਿਕਾਰੀ ਨੇ ਦੱਸਿਆ ਕਿ ਔਰਤ ਦੇ ਪਿਤਾ ਸਮੇਤ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਸ ਨੇ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ ਅਤੇ ਇਸ ਲਈ ਉਨ੍ਹਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਲਾਸ਼ ਨੂੰ ਸੰਭਾਲਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਲਾਸ਼ ਨੂੰ ਉਨ੍ਹਾਂ ਦੇ ਪਿੰਡ ਧੜਗਾਓਂ ਨਗਰ 'ਚ ਲੂਣ ਨਾਲ ਭਰੇ ਟੋਏ 'ਚ ਦਫ਼ਨਾ ਦਿੱਤਾ ਕਿਉਂਕਿ ਉਹ ਲਾਸ਼ ਦਾ ਦੂਜਾ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਸਨ ਤਾਂ ਜੋ ਔਰਤ ਦੀ ਮੌਤ ਦੀ ਸੱਚਾਈ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ,“ਲਾਸ਼ ਨੂੰ ਕਈ ਹਫ਼ਤਿਆਂ ਤੱਕ ਲੂਣ ਦੇ ਟੋਏ 'ਚ ਰੱਖਿਆ ਗਿਆ, ਜਿਸ ਤੋਂ ਬਾਅਦ ਅਧਿਕਾਰੀ ਮੁੰਬਈ 'ਚ ਇਕ ਹੋਰ ਪੋਸਟਮਾਰਟਮ ਕਰਨ ਲਈ ਰਾਜ਼ੀ ਹੋ ਗਏ। ਇਸ ਅਨੁਸਾਰ ਲਾਸ਼ ਨੂੰ ਪੋਸਟਮਾਰਟਮ ਲਈ ਵੀਰਵਾਰ ਦੁਪਹਿਰ ਜੇ.ਜੇ. ਹਸਪਤਾਲ ਲਿਆਂਦਾ ਗਿਆ ਸੀ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ