ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਅੱਜ
Tuesday, Oct 15, 2024 - 09:47 AM (IST)
ਨਵੀਂ ਦਿੱਲੀ- ਚੋਣ ਕਮਿਸ਼ਨ ਅੱਜ ਯਾਨੀ ਕਿ ਮੰਗਲਵਾਰ ਨੂੰ ਮਹਾਰਾਸ਼ਟਰ ਅਤੇ ਝਾਰਖੰਡ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰੇਗਾ। ਚੋਣ ਕਮਿਸ਼ਨ ਚੋਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇ ਐਲਾਨ ਲਈ ਇੱਥੇ ਦੁਪਹਿਰ ਸਾਢੇ 3 ਵਜੇ ਪੱਤਰਕਾਰ ਸੰਮੇਲਨ ਦਾ ਆਯੋਜਨ ਕਰਨ ਵਾਲਾ ਹੈ। ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ, ਜਦਕਿ ਝਾਰਖੰਡ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ 5 ਜਨਵਰੀ ਨੂੰ ਖ਼ਤਮ ਹੋਣ ਵਾਲਾ ਹੈ।
ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਪਟਾਕਿਆਂ 'ਤੇ ਪਾਬੰਦੀ, ਸਰਕਾਰ ਨੇ ਜਾਰੀ ਕੀਤਾ ਹੁਕਮ
ਚੋਣ ਕਮਿਸ਼ਨ ਦੁਪਹਿਰ 3.30 ਵਜੇ ਦੋਹਾਂ ਸੂਬਿਆਂ 'ਚ ਨਾਮਜ਼ਦਗੀ, ਨਾਮ ਵਾਪਸੀ ਲੈਣ ਦੀ ਤਾਰੀਖ਼ ਦੇ ਨਾਲ ਹੀ ਪੋਲਿੰਗ ਅਤੇ ਚੋਣ ਨਤੀਜਿਆਂ ਦੀਆਂ ਤਾਰੀਖ਼ਾਂ ਦਾ ਪੂਰਾ ਸ਼ੈਡਿਊਲ ਜਾਰੀ ਕਰੇਗਾ। ਇਸ ਤੋਂ ਪਹਿਲਾਂ ਮਹਾਰਾਸ਼ਟਰ ਅਤੇ ਝਾਰਖੰਡ ਵਿਚ ਚੋਣਾਂ ਨਾਲ ਜੁੜੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ। ਚੋਣ ਕਮਿਸ਼ਨ ਦੀ ਟੀਮ ਨੇ ਕੁਝ ਸਮਾਂ ਪਹਿਲਾਂ ਹੀ ਦੋਹਾਂ ਸੂਬਿਆਂ ਦਾ ਦੌਰਾ ਕਰ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਯੂ. ਪੀ. ਵਿਚ 10 ਸੀਟਾਂ ਲਈ ਜ਼ਿਮਨੀ ਚੋਣਾਂ ਦੀਆਂ ਤਾਰੀਖ਼ਾਂ ਦਾ ਵੀ ਐਲਾਨ ਹੋ ਸਕਦਾ ਹੈ।
ਮਹਾਰਾਸ਼ਟਰ 'ਚ 26 ਨਵੰਬਰ ਨੂੰ ਖ਼ਤਮ ਹੋ ਰਿਹਾ ਵਿਧਾਨ ਸਭਾ ਦਾ ਕਾਰਜਕਾਲ
ਮਹਾਰਾਸ਼ਟਰ ਵਿਚ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋ ਰਿਹਾ ਹੈ। ਅਜਿਹੇ ਵਿਚ ਸਿਆਸੀ ਪਾਰਟੀਆਂ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣ ਵਿਚ ਜੁਟੀਆਂ ਹੋਈਆਂ ਹਨ। ਮਹਾਰਾਸ਼ਟਰ 'ਚ ਮੁੱਖ ਮੁਕਾਬਲਾ ਮਹਾ ਵਿਕਾਸ ਅਘਾੜੀ ਅਤੇ ਮਹਾਯੁਤੀ ਵਿਚਾਲੇ ਹੈ। ਮਹਾ ਵਿਕਾਸ ਅਗਾੜੀ 'ਚ ਕਾਂਗਰਸ, ਐਨ. ਸੀ. ਪੀ. ਸ਼ਰਦ ਪਵਾਰ ਧੜਾ, ਸ਼ਿਵ ਸੈਨਾ ਯੂ.ਬੀ.ਟੀ. ਭਾਜਪਾ ਤੋਂ ਇਲਾਵਾ ਸ਼ਿਵ ਸੈਨਾ ਦਾ ਸ਼ਿੰਦੇ ਧੜਾ ਵੀ ਮਹਾਗਠਜੋੜ ਵਿਚ ਭਾਈਵਾਲ ਹੈ। ਅਜੀਤ ਪਵਾਰ ਦਾ ਐਨ. ਸੀ. ਪੀ ਗਰੁੱਪ ਵੀ ਮਹਾਯੁਤੀ ਦਾ ਹਿੱਸਾ ਹੈ। ਮਹਾਰਾਸ਼ਟਰ 'ਚ 288 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ।
ਇਹ ਵੀ ਪੜ੍ਹੋ- ਕੌਣ ਹੈ ਬਾਬਾ ਸਿੱਦਕੀ ਦੇ ਕ.ਤਲ ਦਾ ਮੁਲਜ਼ਮ ਗੁਰਮੇਲ, ਦਾਦੀ ਬੋਲੀ- ਸਾਡੇ ਲਈ ਤਾਂ ਉਹ ਕਦੋਂ ਦਾ ਮਰ ਗਿਆ
ਝਾਰਖੰਡ ਦਾ ਕਾਰਜਕਾਲ 5 ਜਨਵਰੀ ਨੂੰ ਹੋ ਰਿਹਾ ਖ਼ਤਮ
ਝਾਰਖੰਡ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 5 ਜਨਵਰੀ ਨੂੰ ਖਤਮ ਹੋ ਰਿਹਾ ਹੈ। ਮੁੱਖ ਚੋਣ ਕਮਿਸ਼ਨਰ ਨੇ ਹਾਲ ਹੀ ਵਿਚ ਆਪਣੀ ਟੀਮ ਨਾਲ ਸੂਬੇ ਦਾ ਦੌਰਾ ਕੀਤਾ ਸੀ। ਝਾਰਖੰਡ ਵਿਚ ਤਾਰੀਖਾਂ ਦਾ ਐਲਾਨ ਦੀਵਾਲੀ ਅਤੇ ਛਠ ਤਿਉਹਾਰਾਂ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਜਾਵੇਗਾ। ਸੂਬੇ ਦੀਆਂ ਸਿਆਸੀ ਪਾਰਟੀਆਂ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਸੀ। ਸੂਬੇ 'ਚ ਸਾਲ 2019 ਵਿਚ 5 ਪੜਾਵਾਂ ਵਿਚ ਵੋਟਿੰਗ ਹੋਈ ਸੀ। ਝਾਰਖੰਡ ਵਿਚ 81 ਵਿਧਾਨ ਸਭਾ ਸੀਟਾਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8