ਦਾਨਿਸ਼ ਸਿੱਦੀਕੀ ਨੂੰ ਜਾਮੀਆ ਮਿਲੀਆ ਇਸਲਾਮੀਆ ਕਬਰਸਤਾਨ ’ਚ ਕੀਤਾ ਜਾਏਗਾ ਸਪੁਰਦ-ਏ-ਖਾਕ

Sunday, Jul 18, 2021 - 05:18 PM (IST)

ਦਾਨਿਸ਼ ਸਿੱਦੀਕੀ ਨੂੰ ਜਾਮੀਆ ਮਿਲੀਆ ਇਸਲਾਮੀਆ ਕਬਰਸਤਾਨ ’ਚ ਕੀਤਾ ਜਾਏਗਾ ਸਪੁਰਦ-ਏ-ਖਾਕ

ਨਵੀਂ ਦਿੱਲੀ (ਏਜੰਸੀ) : ਅਫਗਾਨਿਸਤਾਨ ਵਿਚ ਮਾਰੇ ਗਏ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਲਾਸ਼ ਨੂੰ ਦਿੱਲੀ ਸਥਿਤ ਜਾਮੀਆ ਮਿਲੀਆ ਇਸਲਾਮੀਆ ਦੇ ਕਬਰਸਤਾਨ ਵਿਚ ਸਪੁਰਦ-ਏ-ਖਾਕ ਕੀਤਾ ਜਾਏਗਾ। ਇਹ ਜਾਣਕਾਰੀ ਐਤਵਾਰ ਨੂੰ ਇਕ ਬਿਆਨ ਜਾਰੀ ਕਰਕੇ ਦਿੱਤੀ ਗਈ।

ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ, ‘ਜਾਮੀਆ ਮਿਲੀਆ ਇਸਲਾਮੀਆ ਦੀ ਕੁਲਪਤੀ ਨੇ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਪਰਿਵਾਰ ਦੀ ਉਨ੍ਹਾਂ ਦੀ ਲਾਸ਼ ਨੂੰ ਯੂਨੀਵਰਸਿਟੀ ਦੇ ਕਬਰਸਤਾਨ ਵਿਚ ਦਫ਼ਨਾਉਣ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ। ਇਹ ਕਬਰਸਤਾਨ ਖ਼ਾਸ ਤੌਰ ’ਤੇ ਯੂਨੀਵਰਸਿਟੀ ਦੇ ਕਰਮਚਾਰੀਆਂ, ਉਨ੍ਹਾਂ ਦੇ ਜੀਵਨਸਾਥੀ ਅਤੇ ਨਾਬਾਲਗ ਬੱਚਿਆਂ ਲਈ ਬਣਾਇਆ ਗਿਆ ਹੈ।’

ਸਿੱਦੀਕੀ ਨੇ ਇਸ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਲਈ ਸੀ ਅਤੇ ਉਨ੍ਹਾਂ ਦੇ ਪਿਤਾ ਅਖਤਰ ਸਿੱਦੀਕੀ ਯੂਨੀਵਰਸਿਟੀ ਵਿਚ ਸਿੱਖਿਆ ਫੈਕਲਟੀ ਦੇ ਡੀਨ ਸਨ। ਸਿੱਦੀਕੀ ਨੇ ਸਾਲ 2005-2007  ਵਿਚ ਏ.ਜੇ.ਕੇ. ਮਾਸ ਕਮਿਊਨੀਕੇਸ਼ਨ ਸੈਂਟਰ (ਐਮ.ਸੀ.ਆਰ.ਸੀ.) ਤੋਂ ਪੜ੍ਹਾਈ ਕੀਤੀ ਸੀ। ਜਾਮੀਆ ਟੀਚਰਜ਼ ਐਸੋਸੀਏਸ਼ਨ ਨੇ ਸਿੱਦੀਕੀ ਦੇ ਦਿਹਾਂਤ ’ਤੇ ਸੋਗ ਜ਼ਾਹਰ ਕੀਤਾ ਹੈ। ਸਿੱਦੀਕੀ ਨੂੰ ਸਾਲ 2018 ਵਿਚ ਸਮਾਚਾਰ ਏਜੰਸੀ ਰਾਇਟਰ ਲਈ ਕੰਮ ਕਰਨ ਦੌਰਾਨ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਬੀਤੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਅਫਗਾਨਿਸਤਾਨ ਦੇ ਕਸਬੇ ਸਪੀਨ ਬੋਲਦਕ ਵਿਚ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਕਤਲ ਦੇ ਸਮੇਂ ਉਹ ਅਫਗਾਨ ਸਪੈਸ਼ਲ ਫੋਰਸਿਜ਼ ਨਾਲ ਜੁੜੇ ਸਨ।
 


author

cherry

Content Editor

Related News