ਭਾਰੀ ਮੀਂਹ ਤੋਂ ਬਾਅਦ ਸ਼ਹਿਰ ''ਚ ਤੈਰ ਰਹੇ ਖਤਰਨਾਕ ਮਗਰਮੱਛ (ਵੀਡੀਓ)

08/01/2019 3:54:56 PM

ਵਡੋਦਰਾ (ਏਜੰਸੀ)- ਵਡੋਦਰਾ ਵਿਚ ਪਏ ਭਾਰੀ ਮੀਂਹ ਕਾਰਨ ਸ਼ਹਿਰ ਵਿਚ ਖਤਰਨਾਕ ਮਗਰਮੱਛ ਘੁੰਮ ਰਹੇ ਹਨ। ਜਿਸ ਕਾਰਨ ਸ਼ਹਿਰਵਾਸੀਆਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਮਗਰਮੱਛ ਮੀਂਹ ਦੇ ਪਾਣੀ ਵਿਚ ਤੈਰਦਾ ਹੋਇਆ ਦੋ ਕੁੱਤਿਆਂ ਨੇੜੇ ਪਹੁੰਚਦਾ ਹੈ ਅਤੇ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕੁੱਤਾ ਆਪਣੀ ਜਾਨ ਬਚਾ ਕੇ ਉਥੋਂ ਭੱਜ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਵਿਅਕਤੀ ਵਲੋਂ ਇਕ ਹੋਰ ਵੀਡੀਓ ਬਣਾਈ ਗਈ, ਜਿਸ ਵਿਚ ਮੀਂਹ ਦੇ ਪਾਣੀ ਵਿਚ ਮਗਰਮੱਛ ਤੈਰਦਾ ਹੋਇਆ ਨਜ਼ਰ ਆ ਰਿਹਾ ਹੈ।  ਵਡੋਦਰਾ ਵਿਚ ਬੁੱਧਵਾਰ ਨੂੰ 16 ਘੰਟੇ ਵਿਚ 20 ਇੰਚ (50.8 ਸੈਮੀ) ਮੀਂਹ ਪੈਣ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ।

ਸ਼ਹਿਰ ਵਿਚ ਮੀਂਹ ਦਾ ਸਾਲਾਨਾ ਕੋਟਾ 96.5 ਸੈਮੀ (965 ਮਿਮੀ) ਹੈ। ਯਾਨੀ ਪੂਰੇ ਸਾਲ ਦੇ ਕੋਟੇ ਦਾ ਅੱਧਾ ਪਾਣੀ ਸਿਰਫ ਕੁਝ ਘੰਟਿਆਂ ਵਿਚ ਵਰ੍ਹ ਗਿਆ। ਇਸ ਵਿਚ 28.6 ਸੈਮੀ (286 ਮਿਮੀ) ਮੀਂਹ 4 ਘੰਟਿਆਂ ਵਿਚ ਰਿਕਾਰਡ ਕੀਤਾ ਗਿਆ। ਐਨ.ਡੀ.ਆਰ.ਐਫ. ਦੀ ਟੀਮ ਨੇ 3500 ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਸੜਕਾਂ 'ਤੇ ਮਗਰਮੱਛ ਤੈਰ ਰਹੇ ਹਨ। ਵਡੋਦਰਾ ਵਿਚ ਮੀਂਹ ਨੇ 35 ਸਾਲ ਦਾ ਰਿਕਾਰਡ ਤੋੜਿਆ। ਇਥੇ ਮੀਂਹ ਕਾਰਨ ਕੰਧ ਢਹਿਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਰਨਵੇ 'ਤੇ ਪਾਣੀ ਭਰਨ ਤੋਂ ਬਾਅਦ ਏਅਰਪੋਰਟ ਬੰਦ ਹੋਣ ਕਾਰਨ ਦੋ ਘਰੇਲੂ ਉਡਾਣਾਂ ਰੱਦ ਕਰਨੀਆਂ ਪਈਆਂ। ਰੇਲ ਟ੍ਰੈਫਿਕ ਠੱਪ ਹੋਣ ਕਾਰਨ ਕਈ ਟ੍ਰੇਨਾਂ ਵੀ ਰੱਦ ਕਰਨੀਆਂ ਪਈਆਂ। ਪ੍ਰਸ਼ਾਸਨ ਨੇ ਵੀਰਵਾਰ ਨੂੰ ਸਾਰੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ ਦਿੱਤਾ ਹੈ।

ਗੁਜਰਾਤ ਸਰਕਾਰ ਨੇ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਲੋੜ ਪੈਣ 'ਤੇ ਬਸੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ। ਮੁੱਖ ਮੰਤਰੀ ਵਿਜੇ ਰੂਪਾਣੀ ਨੇ ਬੁੱਧਵਾਰ ਦੇਰ ਸ਼ਾਮ ਸਮੀਖਿਆ ਮੀਟਿੰਗ ਬੁਲਾਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਥਿਤੀ 'ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਅਹਿਮਦਾਬਾਦ ਵਿਚ ਵੀ ਬੁੱਧਵਾਰ ਨੂੰ 5.8 ਸੈਮੀ (58 ਮਿਮੀ) ਮੀਂਹ ਪਿਆ। ਗੁਜਰਾਤ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਦਾ ਅੰਦਾਜ਼ਾ ਲਗਾਇਆ ਗਿਆ ਹੈ।


Sunny Mehra

Content Editor

Related News