ਦਿੱਲੀ ''ਚ ਹੜ੍ਹ ਦਾ ਖਤਰਾ, ਆਉਂਦੇ 24 ਘੰਟੇ ਚਿੰਤਾਜਨਕ

08/20/2019 9:29:50 PM

ਨਵੀਂ ਦਿੱਲੀ— ਹਰਿਆਣਾ ਦੇ ਹਥਨੀਕੁੰਡ ਬੈਰਾਜ 'ਚੋਂ ਪਿਛਲੇ 40 ਸਾਲ ਦੌਰਾਨ ਪਹਿਲੀ ਵਾਰ ਸਭ ਤੋਂ ਵੱਧ 8 ਲੱਖ ਕਿਊਸਿਕ ਦੇ ਲਗਭਗ ਪਾਣੀ ਯਮੁਨਾ ਦਰਿਆ 'ਚ ਛੱਡੇ ਜਾਣ ਪਿੱਛੋਂ ਦਿੱਲੀ ਤੇ ਹਰਿਆਣਾ 'ਚ ਉਕਤ ਦਰਿਆ ਦੇ ਆਸ-ਪਾਸ ਦੇ ਇਲਾਕਿਆਂ 'ਚ 6 ਸਾਲ ਬਾਅਦ ਪਹਿਲੀ ਵਾਰ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। ਆਉਂਦੇ 24 ਘੰਟੇ ਚਿੰਤਾਜਨਕ ਦੱਸੇ ਗਏ ਹਨ।

ਹਥਨੀਕੁੰਡ ਬੈਰਾਜ ਤੋਂ ਛੱਡੇ ਗਏ ਪਾਣੀ ਨੂੰ ਦਿੱਲੀ ਪਹੁੰਚਣ 'ਚ 36 ਤੋਂ 72 ਘੰਟੇ ਲੱਗ ਸਕਦੇ ਹਨ ਪਰ ਯਮੁਨਾ ਦਰਿਆ ਦਾ ਪਾਣੀ ਮੰਗਲਵਾਰ ਹੀ ਖਤਰੇ ਦੇ ਨਿਸ਼ਾਨ ਤੋਂ ਉਪਰ ਪਹੁੰਚ ਗਿਆ। ਸੋਮਵਾਰ ਰਾਤ 8 ਵਜੇ ਪਾਣੀ ਦਾ ਪੱਧਰ 205.50 ਮੀਟਰ ਸੀ, ਜਿਹੜਾ ਮੰਗਲਵਾਰ ਵੱਧ ਕੇ 207 ਮੀਟਰ ਹੋ ਗਿਆ। 6 ਸਾਲ ਪਹਿਲਾਂ ਇਥੇ ਪਾਣੀ ਦਾ ਵੱਧ ਤੋਂ ਵੱਧ ਪੱਧਰ 207.32 ਮੀਟਰ ਹੋਇਆ ਸੀ। ਪ੍ਰਸ਼ਾਸਨ ਨੇ ਯਮੁਨਾ ਦਰਿਆ ਦੇ ਨੇੜੇ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦੇ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ। ਕੁਲ 23860 ਵਿਅਕਤੀਆਂ ਨੂੰ ਉਥੋਂ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾਣਾ ਹੈ।

ਮੌਤਾਂ ਦੀ ਗਿਣਤੀ ਹੋਈ 313
ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਉਤਰਾਖੰਡ ਸਮੇਤ ਉੱਤਰੀ ਭਾਰਤ ਦੇ ਵੱਖ-ਵੱਖ ਖੇਤਰਾਂ 'ਚ ਮੀਂਹ, ਹੜ੍ਹ ਤੇ ਢਿੱਗਾਂ ਡਿੱਗਣ ਵਰਗੀਆਂ ਘਟਨਾਵਾਂ 'ਚ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਮੰਗਲਵਾਰ ਰਾਤ ਤੱਕ ਵਧ ਕੇ 313 ਹੋ ਗਈ ਸੀ। 47 ਲਾਪਤਾ ਦੱਸੇ ਜਾਂਦੇ ਹਨ।

ਮਥੁਰਾ ਦੇ 175 ਪਿੰਡਾਂ 'ਚ ਹੜ੍ਹ ਦਾ ਖਤਰਾ
ਹਥਨੀਕੁੰਡ ਬੈਰਾਜ ਤੋਂ ਪਾਣੀ ਛੱਡੇ ਜਾਣ ਪਿੱਛੋਂ ਮਥੁਰਾ-ਵ੍ਰਿੰਦਾਵਨ ਵਿਖੇ ਵੀ ਹੜ੍ਹ ਦਾ ਖਤਰਾ ਬਣ ਗਿਆ ਹੈ। ਮਥੁਰਾ ਖੇਤਰ ਦੇ ਉਨ੍ਹਾਂ 175 ਪਿੰਡਾਂ, ਜੋ ਯਮੁਨਾ ਦਰਿਆ ਦੇ ਨੇੜੇ ਹਨ, ਵਿਚ ਕਿਸੇ ਸਮੇਂ ਵੀ ਪਾਣੀ ਭਰ ਜਾਣ ਦਾ ਡਰ ਹੈ। ਪ੍ਰਸ਼ਾਸਨ ਨੇ ਸਭ ਅਹਿਤਿਆਤੀ ਕਦਮ ਚੁੱਕੇ ਹਨ। 67 ਪਿੰਡਾਂ ਨੂੰ ਇਸ ਮਾਮਲੇ ਵਿਚ ਨਾਜ਼ੁਕ ਕਰਾਰ ਦਿੱਤਾ ਗਿਆ ਹੈ।


Baljit Singh

Content Editor

Related News