Fact Check: ਮੁਸਕਾਨ ਰਸਤੋਗੀ ਦੇ ਨਾਂ 'ਤੇ ਵਾਇਰਲ ਹੋ ਰਿਹਾ ਡਾਂਸ ਵੀਡੀਓ, ਜਾਣੋ ਕੀ ਹੈ ਸੱਚ
Monday, Mar 24, 2025 - 02:02 AM (IST)

Fact Check by Aaj Tak
ਨਵੀਂ ਦਿੱਲੀ - ਕਾਲੇ ਰੰਗ ਦੀ ਡਰੈੱਸ 'ਚ 'ਮੇਰੇ ਰਸ਼ਕ-ਏ-ਕਮਰ' ਗੀਤ 'ਤੇ ਡਾਂਸ ਕਰਦੀ ਇਕ ਲੜਕੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕੁਝ ਲੋਕ ਇਸ ਲੜਕੀ ਨੂੰ ਮੇਰਠ ਕਤਲੇਆਮ ਦੀ ਮੁਸਕਾਨ ਰਸਤੋਗੀ ਕਹਿ ਰਹੇ ਹਨ। ਉਹੀ ਮੁਸਕਾਨ ਜਿਸ 'ਤੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਸੌਰਭ ਦੀ ਹੱਤਿਆ ਕਰਨ ਦਾ ਦੋਸ਼ ਹੈ। ਵਾਇਰਲ ਵੀਡੀਓ 'ਚ ਸੌਰਭ ਅਤੇ ਮੁਸਕਾਨ ਦੀਆਂ ਫੋਟੋਆਂ ਵਾਲਾ ਕੋਲਾਜ ਵੀ ਮੌਜੂਦ ਹੈ।
ਵੀਡੀਓ ਨੂੰ ਐਕਸ 'ਤੇ ਸ਼ੇਅਰ ਕਰਦੇ ਹੋਏ ਇਕ ਵਿਅਕਤੀ ਨੇ ਲਿਖਿਆ, ''ਧਿਆਨ ਨਾਲ ਦੇਖੋ, ਇਹ ਉਹੀ ਮੁਸਕਾਨ ਰਸਤੋਗੀ ਹੈ ਜਿਸ ਨੇ ਆਪਣੇ ਪਤੀ ਦੇ 15 ਟੁਕੜੇ ਕਰ ਦਿੱਤੇ ਹਨ।'' ਇਸ ਤੋਂ ਇਲਾਵਾ ਵੀਡੀਓ 'ਤੇ ਇਕ ਟੈਕਸਟ ਵੀ ਲਿਖਿਆ ਹੋਇਆ ਹੈ, 'ਸੌਰਭ ਰਾਜਪੂਤ ਦਾ ਕਤਲ ਕਰਨ ਵਾਲੀ ਡੈਣ'। ਇਸ ਪੋਸਟ ਦਾ ਆਰਕਾਈਵ ਵਰਜ਼ਨ ਇੱਥੇ ਦੇਖਿਆ ਜਾ ਸਕਦਾ ਹੈ।
ਆਜ ਤਕ ਫੈਕਟ ਚੈੱਕ ਨੇ ਪਾਇਆ ਕਿ ਵੀਡੀਓ 'ਚ ਡਾਂਸ ਕਰਨ ਵਾਲੀ ਲੜਕੀ ਮੁਸਕਾਨ ਰਸਤੋਗੀ ਨਹੀਂ ਸਗੋਂ ਟ੍ਰਾਂਸ ਵੂਮੈਨ ਪਲਕ ਸੈਣੀ ਹੈ। ਪਲਕ ਸੋਨੀਪਤ, ਹਰਿਆਣਾ ਦੀ ਇੱਕ ਵੀਡੀਓ ਕ੍ਰੀਏਟਰ ਹੈ।
ਕਿਵੇਂ ਪਤਾ ਲੱਗੀ ਸੱਚਾਈ ?
ਵਾਇਰਲ ਵੀਡੀਓ ਦੇ ਕੀਫ੍ਰੇਮ ਨੂੰ ਰਿਵਰਸ ਸਰਚ ਕਰਨ 'ਤੇ ਅਸੀਂ ਇਸਨੂੰ ਪਲਕ ਸੈਣੀ ਨਾਮ ਦੇ ਇੱਕ ਇੰਸਟਾਗ੍ਰਾਮ ਅਕਾਉਂਟ 'ਤੇ ਪਾਇਆ। ਇਸ ਅਕਾਊਂਟ 'ਤੇ ਕਾਲੇ ਰੰਗ ਦੀ ਡਰੈੱਸ ਪਹਿਨੀ ਔਰਤ ਦੀਆਂ ਹੋਰ ਵੀਡੀਓਜ਼ ਦੇਖੀਆਂ ਜਾ ਸਕਦੀਆਂ ਹਨ।
ਹੋਰ ਜਾਣਕਾਰੀ ਲਈ ਅਸੀਂ ਪਲਕ ਨਾਲ ਗੱਲ ਕੀਤੀ। ਉਸ ਨੇ ਦੱਸਿਆ ਕਿ ਵਾਇਰਲ ਵੀਡੀਓ ਉਸ ਦੀ ਹੈ। ਪਲਕ ਇੱਕ ਟ੍ਰਾਂਸ ਔਰਤ ਹੈ ਅਤੇ ਸੋਨੀਪਤ, ਹਰਿਆਣਾ ਵਿੱਚ ਰਹਿੰਦੀ ਹੈ। ਉਹ ਇੱਕ ਵੀਡੀਓ ਕ੍ਰੀਏਟਰ ਹੈ ਅਤੇ ਡਾਂਸ ਸ਼ੋਅ ਕਰਦੀ ਰਹਿੰਦੀ ਹੈ। ਉਸਨੇ ਦੱਸਿਆ ਕਿ ਉਸਦੀ ਇਹ ਵੀਡੀਓ ਕੋਟਾ ਵਿੱਚ ਇੱਕ ਸਮਾਗਮ ਦੌਰਾਨ ਲਈ ਗਈ ਸੀ। ਵੀਡੀਓ ਵਿੱਚ ਨਜ਼ਰ ਆ ਰਹੀ ਦੂਜੀ ਟ੍ਰਾਂਸ ਔਰਤ ਉਸਦੀ ਸਾਥੀ ਮੋਨਾ ਹੈ।
ਦਰਅਸਲ ਉੱਤਰ ਪ੍ਰਦੇਸ਼ ਦੇ ਮੇਰਠ 'ਚ ਸੌਰਭ ਰਾਜਪੂਤ ਨਾਂ ਦੇ ਨੌਜਵਾਨ ਦੀ ਹੱਤਿਆ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖਬਰਾਂ ਮੁਤਾਬਕ ਸੌਰਭ ਦੀ ਪਤਨੀ ਮੁਸਕਾਨ ਰਸਤੋਗੀ ਨੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ ਨਾਲ ਮਿਲ ਕੇ ਸੌਰਭ ਦਾ ਕਤਲ ਕੀਤਾ ਸੀ। ਅਤੇ ਫਿਰ ਲਾਸ਼ ਨੂੰ ਟੁਕੜਿਆਂ ਵਿੱਚ ਕੱਟ ਕੇ ਸੀਮਿੰਟ ਦੇ ਡਰੰਮ ਵਿੱਚ ਬੰਦ ਕਰ ਦਿੱਤਾ ਗਿਆ। ਫਿਲਹਾਲ ਦੋਵੇਂ ਪੁਲਸ ਹਿਰਾਸਤ 'ਚ ਹਨ। ਮੁਸਕਾਨ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਨੂੰ ਫਾਂਸੀ ਦਿੱਤੀ ਜਾਵੇ।
ਸਾਫ ਹੈ ਕਿ ਕਾਲੇ ਰੰਗ ਦੀ ਡਰੈੱਸ 'ਚ ਡਾਂਸ ਕਰਨ ਵਾਲੀ ਔਰਤ ਮੁਸਕਾਨ ਰਸਤੋਗੀ ਨਹੀਂ, ਸਗੋਂ ਸੋਨੀਪਤ ਦੀ ਰਹਿਣ ਵਾਲੀ ਪਲਕ ਸੈਣੀ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Aaj Tak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)