ਦਾਦੂਵਾਲ ਨੇ ਸੁਖਬੀਰ ਬਾਦਲ 'ਤੇ ਵਿੰਨ੍ਹਿਆ ਨਿਸ਼ਾਨਾ, ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ
Sunday, Dec 18, 2022 - 08:50 AM (IST)
ਚੰਡੀਗੜ੍ਹ (ਪਾਂਡੇ)- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐੱਚ.ਐੱਸ.ਜੀ.ਐੱਮ.ਸੀ.) ਦੇ ਕਾਰਜਕਾਰੀ ਪ੍ਰਧਾਨ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਤੇ ਅਕਾਲੀ ਨੇਤਾ ਸੁਖਬੀਰ ਸਿੰਘ ਬਾਦਲ ’ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸੁਖਬੀਰ ਬਾਦਲ ਨੇ ਪੰਜਾਬ ’ਚ ਸਿਆਸਤ ਗੁਆਈ ਹੈ, ਉਸ ਵੇਲੇ ਤੋਂ ਹੀ ਉਹ ਆਪਣਾ ਦਿਮਾਗੀ ਸੰਤੁਲਨ ਵੀ ਗੁਆ ਚੁੱਕੇ ਹਨ। ਦਾਦੂਵਾਲ ਨੇ ਚੁਣੌਤੀ ਦਿੰਦੇ ਹੋਏ ਕਿਹਾ,‘‘ਜੇ ਸੁਖਬੀਰ ਨੂੰ ਮੇਰੀ ਸਕਿਓਰਟੀ ਤੋਂ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਮੇਰੇ ਕੋਲ ਆਉਣ, ਅਸੀਂ ਇਕੱਠੇ ਸਕਿਓਰਟੀ ਦਾ ਤਿਆਗ ਕਰਾਂਗੇ। ਉਸ ਤੋਂ ਬਾਅਦ ਸੰਗਤ ਵਿਚ ਜਾਵਾਂਗੇ, ਪਤਾ ਲੱਗ ਜਾਵੇਗਾ ਕਿ ਕੌਣ ਕੀ ਹੈ। ਜੇ ਸੁਖਬੀਰ ਮੁੜ ਭਾਜਪਾ ਨਾਲ ਜੁੜ ਜਾਂਦੇ ਹਨ ਤਾਂ ਉਹ ਕੀ ਕਹਿਣਗੇ? ਮੈਨੂੰ ਆਰ. ਐੱਸ. ਐੱਸ. ਦਾ ਬੰਦਾ ਕਹਿਣਾ, ਭਾਜਪਾ ਦਾ ਫਰੰਟ ਮੈਨ ਕਹਿਣਾ ਬਿਲਕੁਲ ਵੀ ਜਾਇਜ਼ ਨਹੀਂ। ਬਾਦਲ ਨੇ ਪੰਥ ਨੂੰ ਜੋ ਠੇਸ ਪਹੁੰਚਾਈ ਹੈ, ਉਸ ਦੇ ਲਈ ਉਨ੍ਹਾਂ ਨੂੰ ਕੋਈ ਮੁਆਫ਼ ਨਹੀਂ ਕਰੇਗਾ।’’
ਇਹ ਵੀ ਪੜ੍ਹੋ : ਜਗਦੀਸ਼ ਝੀਂਡਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਦਿੱਤਾ ਅਸਤੀਫ਼ਾ
ਚੰਡੀਗੜ੍ਹ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਦੂਵਾਲ ਨੇ ਕਿਹਾ ਕਿ ਸੁਖਬੀਰ ਨੇ ਪੰਜਾਬ ’ਚ ਨਸ਼ਿਆਂ, ਮਾਈਨਿੰਗ ਆਦਿ ਵਰਗੀਆਂ ਗੈਰ-ਕਾਨੂੰਨੀ ਚੀਜ਼ਾਂ ਨੂੰ ਹੱਲਾਸ਼ੇਰੀ ਦਿੱਤੀ ਸੀ। ਮੈਂ ਸੁਖਬੀਰ ਨੂੰ ਚੈਲੇਂਜ ਕਰਦਾ ਹਾਂ ਕਿ ਉਹ ਕਿਸੇ ਵੀ ਟੀ. ਵੀ. ਚੈਨਲ ’ਤੇ ਬੈਠ ਕੇ ਮੇਰੇ ਨਾਲ ਵਨ-ਟੂ-ਵਨ ਡਿਬੇਟ ਕਰਨ। ਉਨ੍ਹਾਂ ਦੋਸ਼ ਲਾਇਆ ਕਿ 1984 ’ਚ ਅਕਾਲੀਆਂ ਨੇ ਗਊਆਂ ਦੀਆਂ ਪੂਛਾਂ ਕੱਟ ਕੇ ਮੰਦਰਾਂ ’ਚ ਸੁੱਟੀਆਂ ਅਤੇ ਬੀੜੀ-ਸਿਗਰਟ ਤੇ ਗੁਟਖੇ ਗੁਰਦੁਆਰਿਆਂ ’ਚ ਸੁੱਟੇ। ਸੁਖਬੀਰ ਨੇ ਦੇਸ਼-ਵਿਰੋਧੀ ਤਾਕਤਾਂ ਨੂੰ ਵਧਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀ. ਐੱਮ. ਮੋਦੀ ਨੇ ਕਰਤਾਰਪੁਰ ਸਾਹਿਬ ਦਾ ਰਸਤਾ ਖੋਲ੍ਹਣ ਆਦਿ ਵਰਗੇ ਬਹੁਤ ਸਾਰੇ ਕੰਮ ਸਿੱਖਾਂ ਲਈ ਕੀਤੇ ਹਨ। ਮੋਦੀ ਸਰਕਾਰ ’ਚ ਬੰਦੀ ਸਿੰਘ ਵੀ ਰਿਹਾਅ ਹੋਏ ਹਨ। ਇਸ ਦੇ ਲਈ ਅਸੀਂ ਪੀ. ਐੱਮ. ਮੋਦੀ ਦੇ ਸ਼ੁਕਰਗੁਜ਼ਾਰ ਹਾਂ।
ਹਰਿਆਣਾ ਦੇ ਸਿੱਖ ਤੇ ਗੈਰ-ਸਿੱਖ ਚੰਡੀਗੜ੍ਹ ਦੇ ਮੁੱਦੇ ’ਤੇ ਇਕਜੁੱਟ
ਦਾਦੂਵਾਲ ਨੇ ਕਿਹਾ ਕਿ ਜੇ ਹਰਿਆਣਾ ਸਰਕਾਰ ਚੰਡੀਗੜ੍ਹ ’ਚ ਆਪਣੇ ਹੱਕਾਂ ਲਈ ਪੰਜਾਬ ਨਾਲ ਲੜਾਈ ਲੜ ਰਹੀ ਹੈ ਤਾਂ ਇਸ ਵਿਚ ਕੁਝ ਵੀ ਗਲਤ ਨਹੀਂ। ਸਾਰੇ ਹਰਿਆਣਾ ਦੇ ਸਿੱਖ ਤੇ ਗੈਰ-ਸਿੱਖ ਇਸ ਮੁੱਦੇ ’ਤੇ ਇਕ ਹਨ। ਸੁਖਬੀਰ ਬਾਦਲ ਕਿਸੇ ਨੂੰ ਵੀ ਸਿੱਖ ਹੋਣ ਦਾ ਸਰਟੀਫਿਕੇਟ ਨਹੀਂ ਵੰਡ ਸਕਦਾ। ਜੇ ਅੱਗੇ ਵੀ ਮੈਨੂੰ ਚੁਣਿਆ ਜਾਂਦਾ ਹੈ ਤਾਂ ਮੇਰੀਆਂ ਸੇਵਾਵਾਂ ਲਗਾਤਾਰ ਜਾਰੀ ਰਹਿਣਗੀਆਂ, ਨਹੀਂ ਤਾਂ ਬਿਨਾਂ ਅਹੁਦੇ ਦੇ ਵੀ ਤਹਿ ਦਿਲੋਂ ਸੇਵਾ ਕਰਦੇ ਰਹਾਂਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ