ਤਾਮਿਲਨਾਡੂ ’ਚ ਤੂਫ਼ਾਨ ‘ਮੈਂਡੂਸ’ ਨੇ ਲਈ 5 ਲੋਕਾਂ ਦੀ ਜਾਨ, ਤਸਵੀਰਾਂ ’ਚ ਵੇਖੋ ਹਾਲਾਤ
Sunday, Dec 11, 2022 - 10:41 AM (IST)
ਚੇਨਈ- ਚੱਕਰਵਾਤੀ ਤੂਫ਼ਾਨ ‘ਮੈਂਡੂਸ’ ਦਾ ਕਹਿਰ ਜਾਰੀ ਹੈ। ਹਨ੍ਹੇਰੀ-ਤੂਫ਼ਾਨ ਅਤੇ ਤੇਜ਼ ਮੀਂਹ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਤਾਮਿਲਨਾਡੂ ਸਮੇਤ ਦੱਖਣੀ ਭਾਰਤ ਦੇ ਕਈ ਇਲਾਕਿਆਂ ’ਚ ਤੂਫ਼ਾਨ ਦਾ ਅਸਰ ਵੇਖਣ ਨੂੰ ਮਿਲਿਆ। ਤੂਫ਼ਾਨ ‘ਮੈਂਡੂਸ’ ਜੋ ਮਾਮੱਲਾਪੁਰਮ ਕੰਢੇ ਨੂੰ ਪਾਰ ਕਰ ਗਿਆ ਸੀ, ਕਮਜ਼ੋਰ ਹੋ ਕੇ ਡੂੰਘੇ ਦਬਾਅ ਵਿਚ ਬਦਲ ਗਿਆ ਪਰ ਇਸ ਨੇ ਸ਼ਹਿਰ ਅਤੇ ਇਸ ਦੇ ਨੇੜਲੇ ਇਲਾਕਿਆਂ ਵਿਚ ਕਾਫ਼ੀ ਨੁਕਸਾਨ ਪਹੁੰਚਾਇਆ। ਕਈ ਦਰੱਖਤ ਉੱਖੜ ਗਏ। ਤੂਫ਼ਾਨ ਨੇ ਭਾਰੀ ਤਬਾਹੀ ਮਚਾਈ, ਕਰੀਬ 5 ਲੋਕਾਂ ਦੀ ਜਾਨ ਗਈ ਹੈ ਅਤੇ 10,000 ਲੋਕਾਂ ਨੂੰ ਆਸਰਾ ਘਰਾਂ ਵਿਚ ਰੱਖਿਆ ਗਿਆ ਹੈ।
ਓਧਰ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਕਿਹਾ ਕਿ ਅੱਜ ਤੂਫ਼ਾਨ ਤੋਂ ਪ੍ਰਭਾਵਿਤ ਲੋਕਾਂ ਦਰਮਿਆਨ ਰਾਹਤ ਸਮੱਗਰੀ ਅਤੇ ਭੋਜਨ ਵੰਡਿਆ ਗਿਆਹੈ। ਮੈਂ ਪ੍ਰਭਾਵਿਤ ਖੇਤਰਾਂ ਦਾ ਨਿਰੀਖਣ ਕੀਤਾ। ਨਿਗਮ ਕਰਮੀਆਂ ਨੇ ਬਹੁਤ ਚੰਗਾ ਕੰਮ ਕੀਤਾ। ਤਾਮਿਲਨਾਡੂ ਦੇ ਕਾਂਚੀਪੁਰਮ, ਚੇਂਗਲਪੱਟੂ ਅਤੇ ਵਿੱਲੂਪੁਰਮ ਜ਼ਿਲ੍ਹਿਆਂ ਵਿਚ ਐਲਾਨ ਕੀਤਾ ਗਿਆ ਰੈੱਡ ਅਲਰਟ ਐਤਵਾਰ ਨੂੰ ਵੀ ਜਾਰੀ ਰਿਹਾ। ਤਾਮਿਲਨਾਡੂ ਸਰਕਾਰ ਚੱਕਰਵਾਤ ਕਾਰਨ ਹੋਏ ਭਾਰੀ ਨੁਕਸਾਨ ਨੂੰ ਦੇਖਦੇ ਹੋਏ ਸੋਮਵਾਰ ਨੂੰ ਕਾਲਜਾਂ ਸਮੇਤ ਸਕੂਲਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਲਈ ਛੁੱਟੀ ਦਾ ਐਲਾਨ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਮੁੰਦਰੀ ਤੂਫਾਨ 9 ਅਤੇ 10 ਦਸੰਬਰ ਦੀ ਦਰਮਿਆਨੀ ਰਾਤ ਨੂੰ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕੰਢੇ ਨੂੰ ਪਾਰ ਕਰ ਗਿਆ, ਜਿਸ ਕਾਰਨ ਸ਼ਹਿਰ ’ਚ ਕਰੀਬ 400 ਦਰੱਖਤ ਉਖੜ ਗਏ। ਮੋਹਲੇਧਾਰ ਮੀਂਹ ਕਾਰਨ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। 98 ਪਸ਼ੂਆਂ ਦੀ ਵੀ ਮੌਤ ਹੋ ਗਈ। ਹੋਰ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਗ੍ਰੇਟਰ ਚੇਨਈ ਕਾਰਪੋਰੇਸ਼ਨ ਸਮੇਤ ਵੱਖ-ਵੱਖ ਨਾਗਰਿਕ ਏਜੰਸੀਆਂ ਡਿੱਗੇ ਹੋਏ ਦਰੱਖਤਾਂ ਨੂੰ ਹਟਾਉਣ ਵਿਚ ਲੱਗੀਆਂ ਰਹੀਆਂ। ਕਾਸ਼ੀਮੇਡੂ ਇਲਾਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਪਿਛੋਂ ਸਟਾਲਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ ਸਾਰੇ ਸਾਵਧਾਨੀ ਕਦਮ ਚੁੱਕੇ ਹਨ। ਇਸ ਕਾਰਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਿਆ ਹੈ। ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਅਗਾਊਂ ਯੋਜਨਾਬੰਦੀ ਕਰ ਕੇ ਕਿਸੇ ਵੀ ਆਫ਼ਤ ਨਾਲ ਨਜਿੱਠਿਆ ਜਾ ਸਕਦਾ ਹੈ। ਲਗਭਗ 25,000 ਸਿਵਲ ਕਰਮਚਾਰੀ ਵੱਖ-ਵੱਖ ਕਾਰਜਾਂ ਵਿਚ ਲੱਗੇ ਹੋਏ ਹਨ।
ਸਮੁੰਦਰੀ ਤੂਫ਼ਾਨ ਕਾਰਨ ਸ਼ਨੀਵਾਰ ਸਵੇਰੇ ਦੱਖਣੀ ਕੰਢੇ ਅਤੇ ਆਂਧਰਾ ਪ੍ਰਦੇਸ਼ ਦੇ ਰਾਇਲਸੀਮਾ ਜ਼ਿਲ੍ਹਿਆਂ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪਿਆ। ਆਂਧਰਾ ਪ੍ਰਦੇਸ਼ ਸਰਕਾਰ ਦੀ ਰਿਪੋਰਟ ਮੁਤਾਬਕ ਤਿਰੂਪਤੀ ਜ਼ਿਲ੍ਹੇ ਦੇ ਨਾਇਡੂਪੇਟਾ ਵਿਚ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ’ਚ ਸਭ ਤੋਂ ਵੱਧ 281.5 ਮਿਲੀਮੀਟਰ ਮੀਂਹ ਪਿਆ।