ਗਾਹਕ ਨੂੰ ਸ਼ਾਕਾਹਾਰੀ ਭੋਜਨ ''ਚ ਮਿਲੀਆਂ ਹੱਡੀਆਂ, ਰੈਸਟੋਰੈਂਟ ਮਾਲਕ ''ਤੇ ਮਾਮਲਾ ਦਰਜ
Wednesday, Dec 28, 2022 - 05:45 PM (IST)
ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਰੈਸਟੋਰੈਂਟ ਮਾਲਕ ਖ਼ਿਲਾਫ਼ ਸ਼ਾਕਾਹਾਰੀ ਭੋਜਨ ਆਰਡਰ ਕਰਨ ਵਾਲੇ ਇਕ ਗਾਹਕ ਨੂੰ ਮਾਸਾਹਾਰੀ ਭੋਜਨ ਪਰੋਸਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਡਿਪਟੀ ਕਮਿਸ਼ਨਰ ਸੰਪਤ ਉਪਾਧਿਆਏ ਨੇ ਦੱਸਿਆ ਕਿ ਅਲਬਾ ਬੈਰਿਸਤੋ ਰੈਸਟੋਰੈਂਟ ਦੇ ਮਾਲਕ ਸਵਪਨਿਲ ਗੁਜਰਾਤੀ ਖ਼ਿਲਾਫ ਉਸ ਦੇ ਗਾਹਕ ਆਕਾਸ਼ ਦੁਬੇ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਦੁਬੇ ਨੇ ਸੋਮਵਾਰ ਰਾਤ ਰੈਸਟੋਰੈਂਟ 'ਚ ਸ਼ਾਕਾਹਾਰੀ ਬਰਿਆਨੀ ਦਾ ਆਰਡਰ ਦਿੱਤਾ ਪਰ ਖਾਣੇ ਦੌਰਾਨ ਉਸ ਨੂੰ ਆਪਣੇ ਭੋਜਨ 'ਚ ਹੱਡੀਆਂ ਮਿਲੀਆਂ। ਉਨ੍ਹਾਂ ਕਿਹਾ, ਇਸ ਤੋਂ ਬਾਅਦ ਦੁਬੇ ਨੇ ਵੇਟਰ ਅਤੇ ਹੋਟਲ ਦੇ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਗਲਤੀ ਲਈ ਮੁਆਫ਼ੀ ਮੰਗੀ। ਇਸ ਤੋਂ ਬਾਅਦ ਦੁਬੇ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਕਿ ਇਸ ਘਟਨਾ ਨਾਲ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਦੁਖ਼ੀ ਹੋਈਆਂ ਹਨ। ਉਪਾਧਿਆਏ ਨੇ ਕਿਹਾ ਕਿ ਰੈਸਟੋਰੈਂਟ ਮਾਲਿਕ ਗੁਜਰਾਤੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 298 (ਧਾਰਮਿਕ ਭਾਵਨਾਵਾਂ ਨੂੰ ਦੁਖੀ ਕਰਨ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।