ਫੌੜ੍ਹੀਆਂ ਸਹਾਰੇ ਫੁੱਟਬਾਲ ਖੇਡਣ ਦਾ ਜਜ਼ਬਾ, ਹੌਂਸਲਾ ਵੇਖ ਤੁਸੀਂ ਵੀ ਇਸ ਬੱਚੇ ਨੂੰ ਕਰੋਗੇ ਸਲਾਮ (ਵੀਡੀਓ)
Wednesday, Nov 11, 2020 - 11:51 AM (IST)
ਇੰਫਾਲ- ਮਣੀਪੁਰ ਦੇ ਇੰਫਾਲ ਸ਼ਹਿਰ ਦੇ ਰਹਿਣ ਵਾਲੇ ਕੁਨਾਰ ਸ਼੍ਰੇਸ਼ਠ ਦੇ ਜਜ਼ਬੇ ਨੂੰ ਲੋਕ ਸਲਾਮ ਕਰ ਰਹੇ ਹਨ। ਕੁਨਾਲ ਸ਼੍ਰੇਸ਼ਠ ਦਾ ਬਚਪਨ ਤੋਂ ਇਕ ਪੈਰ ਨਹੀਂ ਹੈ। ਇਕ ਪੈਰ ਨਾ ਹੋਣ ਦੇ ਬਾਵਜੂਦ ਕੁਨਾਲ ਨੇ ਕਦੇ ਹਿੰਮਤ ਨਹੀਂ ਹਾਰੀ ਅਤੇ ਨਾ ਹੀ ਕਦੇ ਖ਼ੁਦ ਨੂੰ ਥੱਕ ਕੇ ਬੈਠਣ ਜਾਂ ਰੁਕਣ ਦਿੱਤਾ। ਉਸ ਨੇ ਆਪਣੀ ਇਸ ਕਮਜ਼ੋਰੀ ਨੂੰ ਤਾਕਤ ਬਣਾ ਲਿਆ ਹੈ। ਚੌਥੀ ਜਮਾਤ 'ਚ ਪੜ੍ਹਨ ਵਾਲਾ ਕੁਨਾਲ ਫੌੜ੍ਹੀਆਂ (ਬੈਸਾਖੀ) ਦੇ ਸਹਾਰੇ ਸ਼ਾਨਦਾਰ ਫੁੱਟਬਾਲ ਖੇਡਦਾ ਹੈ। ਇੰਨਾ ਹੀ ਨਹੀਂ ਉਹ ਇਕ ਪੈਰ ਨਾਲ ਸਾਈਕਲ ਵੀ ਚਲਾਉਂਦਾ ਹੈ। ਕੁਨਾਲ ਦਾ ਫੁੱਟਬਾਲ ਖੇਡਦੇ ਹੋਏ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਵੀਡੀਓ 'ਚ ਦਿੱਸ ਰਿਹਾ ਹੈ ਕਿ ਕੁਨਾਲ ਮੈਦਾਨ 'ਚ ਬਾਕੀ ਬੱਚਿਆਂ ਨਾਲ ਫੁੱਟਬਾਲ ਖੇਡ ਰਿਹਾ ਹੈ। ਕੁਨਾਲ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਜਨਮ ਤੋਂ ਹੀ ਇਕ ਪੈਰ ਦੇ ਬਿਨਾਂ ਪੈਦਾ ਹੋਇਆ ਪਰ ਪਰਿਵਾਰ ਨੇ ਕਦੇ ਉਸ ਨੂੰ ਵੱਖਰਾ ਮਹਿਸੂਸ ਨਹੀਂ ਹੋਣ ਦਿੱਤਾ ਅਤੇ ਨਾ ਹੀ ਕਦੇ ਉਸ ਨੂੰ ਉਸ ਦੇ ਦੋਸਤਾਂ ਨਾਲ ਖੇਡਣ ਤੋਂ ਰੋਕਿਆ। ਉਨ੍ਹਾਂ ਨੇ ਦੱਸਿਆ ਕਿ ਕੁਨਾਲ ਨੇ ਸਾਈਕਲ ਵੀ ਆਪਣੇ ਦਮ 'ਤੇ ਚਲਾਉਣੀ ਸਿੱਖੀ। ਉਸ ਨੇ ਕਦੇ ਖ਼ੁਦ ਨੂੰ ਕਮਜ਼ੋਰ ਸਾਬਤ ਨਹੀਂ ਹੋਣ ਦਿੱਤਾ।
#WATCH: Kunal Shrestha, a Class 4 student from Imphal plays football with a single limb. #Manipur
— ANI (@ANI) November 10, 2020
"My son was born without a limb. I vowed to never let him feel different from his peers. He never exhibited low esteem. He learned to ride a bicycle on his own", says Kunal’s mother pic.twitter.com/NTzyOWhX4e
ਉੱਥੇ ਹੀ ਕੁਨਾਲ ਨੇ ਕਿਹਾ ਕਿ ਉਸ ਨੂੰ ਫੁੱਟਬਾਲ ਖੇਡਣਾ ਬਹੁਤ ਪਸੰਦ ਹੈ। ਸ਼ੁਰੂ 'ਚ ਜਦੋਂ ਉਸ ਨੇ ਖੇਡਣਾ ਸ਼ੁਰੂ ਕੀਤਾ ਤਾਂ ਲੜਖੜਾ ਜਾਦਾ ਸੀ, ਨਾਲ ਹੀ ਹੋਰ ਵੀ ਕਈ ਸਮੱਸਿਆਵਾਂ ਸਨ। ਕੁਨਾਲ ਨੇ ਕਿਹਾ,''ਕਈ ਵਾਰ ਤਾਂ ਮੈਂ ਡਰ ਜਾਂਦਾ ਸੀ ਪਰ ਮੇਰੇ ਦੋਸਤਾਂ ਨੇ ਮੈਨੂੰ ਪੂਰਾ ਸਪੋਰਟ ਦਿੱਤਾ ਅਤੇ ਭਰੋਸਾ ਦਿਵਾਇਆ ਕਿ ਇਕ ਦਿਨ ਮੈਂ ਗੋਲ ਜ਼ਰੂਰ ਕਰ ਲਵਾਂਗਾ। ਅਜਿਹੇ 'ਚ ਮੈਂ ਹੌਲੀ-ਹੌਲੀ ਆਤਮਵਿਸ਼ਵਾਸ ਹਾਸਲ ਕੀਤਾ। ਸੋਸ਼ਲ ਮੀਡੀਆ 'ਤੇ ਲੋਕ ਕੁਨਾਲ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਤੁਹਾਡੇ ਹੌਂਸਲੇ ਅਤੇ ਜਜ਼ਬੇ ਨੂੰ ਸਲਾਮ ਕੁਨਾਲ। ਉੱਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਸੀਂ ਹੀਰੋ ਹੋ ਕੁਨਾਲ, ਤੁਹਾਨੂੰ ਦਿਲੋਂ ਸਲਾਮ।
ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਫੋਟੋਸ਼ੂਟ ਕਰਵਾ ਰਹੇ ਲਾੜਾ-ਲਾੜੀ ਦੀ ਝੀਲ 'ਚ ਡੁੱਬਣ ਨਾਲ ਮੌਤ