ਮਣੀਪੁਰ 'ਚ CRPF ਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ, ਪੁਲਸ ਦੀ ਵਰਦੀ 'ਚ ਸਨ ਹਮਲਾਵਰ; ਨਵੇਂ ਨਿਰਦੇਸ਼ ਜਾਰੀ
Saturday, May 06, 2023 - 05:22 AM (IST)
ਨਵੀਂ ਦਿੱਲੀ (ਭਾਸ਼ਾ): ਮਣੀਪੁਰ ਦੇ ਚੁਰਾਚਾਂਦਪੁਰ ਵਿਚ ਛੁੱਟੀ 'ਤੇ ਆਪਣੇ ਪਿੰਡ ਆਏ CRPF ਦੇ ਇਕ ਕੋਬਰਾ ਕਮਾਂਡੋ ਦੀ ਸ਼ੁੱਕਰਵਾਰ ਨੂੰ ਹਥਿਆਰਬੰਦ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ 204ਵੀਂ ਕੋਬਰਾ ਬਟਾਲੀਅਨ ਦੇ ਡੈਲਟਾ ਕੰਪਨੀ ਦੇ ਕਾਂਸਟੇਬਲ ਚੋਨਖੋਲੇਨ ਹਾਓਕਿਪ ਦੀ ਦੁਪਹਿਰ ਨੂੰ ਹੱਤਿਆ ਕਰ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਕਾਲਜਾਂ ’ਚ ਰਾਤ 8 ਵਜੇ ਤਕ ਖੁੱਲ੍ਹੀਆਂ ਰਹਿਣਗੀਆਂ ਕਲਾਸਾਂ
ਸੀਨੀਅਰ ਅਧਿਕਾਰੀਆਂ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ ਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਕਿਨ੍ਹਾਂ ਹਾਲਾਤਾਂ ਵਿਚ ਉਨ੍ਹਾਂ ਦਾ ਕਤਲ ਕੀਤਾ ਗਿਆ ਪਰ ਕਿਹਾ ਜਾਂਦਾ ਹੈ ਕਿ ਪੁਲਸ ਦੀ ਵਰਦੀ ਪਾਏ ਕੁੱਝ ਹਮਲਾਵਰ ਉਨ੍ਹਾਂ ਪਿੰਡ ਵਿਚ ਵੜੇ ਤੇ ਉਨ੍ਹਾਂ ਦਾ ਕਤਲ ਕਰ ਦਿੱਤਾ। ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀ ਗੋਰਿੱਲਾ ਜੰਗ ਵਿਚ ਮਾਹਰ ਸ਼ਾਖਾ ਕਮਾਂਡੋ ਬਟਾਲੀਅਨ ਫ਼ਾਰ ਰੈਜ਼ੋਲਿਊਟ ਐਕਸ਼ਨ (ਕੋਬਰਾ) ਵਿਚ ਮੁਸ਼ਕਲ ਹਾਲਾਤ ਵਿਚ ਕੰਮ ਕਰਨ ਵਾਲੇ ਤੇ ਸਰੀਰਕ ਰੂਪ ਨਾਲ ਬਿਲਕੁਲ ਫਿੱਟ ਜਵਾਨ ਹੀ ਸ਼ਾਮਲ ਹੋ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਸ਼ਰਦ ਪਵਾਰ ਨੇ ਅਸਤੀਫ਼ਾ ਲਿਆ ਵਾਪਸ, ਬਣੇ ਰਹਿਣਗੇ NCP ਪ੍ਰਧਾਨ
ਛੁੱਟੀ 'ਤੇ ਗਏ ਜਵਾਨਾਂ ਨੂੰ ਪਰਿਵਾਰ ਸਮੇਤ ਸੁਰੱਖਿਆ ਅੱਡੇ 'ਤੇ ਪਹੁੰਚਣ ਦੀਆਂ ਹਦਾਇਤਾਂ
CRPF ਨੇ ਸ਼ੁੱਕਰਵਾਰ ਨੂੰ ਮਣੀਪੁਰ ਸੂਬੇ ਦੇ ਆਪਣੇ ਜਵਾਨਾਂ ਅਤੇ ਛੁੱਟੀ 'ਤੇ ਆਪਣੇ ਘਰੇਲੂ ਸੂਬੇ 'ਚ ਗਏ ਜਵਾਨਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਤੁਰੰਤ ਪਰਿਵਾਰ ਸਮੇਤ ਨੇੜਲੇ ਸੁਰੱਖਿਆ ਅੱਡੇ 'ਤੇ ਰਿਪੋਰਟ ਕਰਨ। ਤਕਰੀਬਨ 3.35 ਲੱਖ ਜਵਾਨਾਂ ਵਾਲੀ ਫੋਰਸ ਦੇ ਦਿੱਲੀ ਸਥਿਤ ਹੈੱਡਕੁਆਰਟਰ ਨੇ ਆਪਣੇ ਸਾਰੇ ਫ਼ੀਲਡ ਕਮਾਂਡਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਛੁੱਟੀ 'ਤੇ ਗਏ ਮਣੀਪੁਰ ਦੇ ਜਵਾਨਾਂ ਨਾਲ ਸੰਪਰਕ ਕਰਨ ਤੇ ਤੁਰੰਤ ਉਨ੍ਹਾਂ ਨੂੰ ਇਹ ਸੁਨੇਹਾ ਪਹੁੰਚਾਉਣ। ਨਿਰਦੇਸ਼ਾਂ ਮੁਤਾਬਕ ਮਣੀਪੁਰ ਦੇ ਸਾਰੇ ਜਵਾਨਾਂ ਤੇ ਛੁੱਟੀ 'ਤੇ ਗਏ ਉੱਥੇ ਦੇ ਜਵਾਨਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਅਸੁਰੱਖਿਅਤ ਮਹਿਸੂਸ ਕਰਦੇ ਹਨ ਤਾਂ ਤੁਰੰਤ ਨੇੜਲੇ ਸੁਰੱਖਿਆ ਫ਼ੋਰਸ ਦੇ ਅੱਡੇ 'ਤੇ ਰਿਪੋਰਟ ਕਰਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।