ਲਾਕ ਡਾਊਨ ''ਚ ਨਕਸਲ ਪ੍ਰਭਾਵਿਤ ਇਲਾਕੇ ''ਚ ਫੱਸੇ ਬਰਾਤੀਆਂ ਨੂੰ ਖਾਣਾ ਖੁਆ ਰਹੀ CRPF
Tuesday, Apr 21, 2020 - 08:06 PM (IST)

ਨਵੀਂ ਦਿੱਲੀ (ਪ.ਸ.)- ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਗੜਚਿਰੋਲੀ ਜ਼ਿਲੇ ਦੇ ਦੂਰ-ਦੁਰਾਡੇ ਤਾਇਨਾਤ ਸੀ.ਆਰ.ਪੀ.ਐਫ. ਦੀ ਇਕ ਬਟਾਲੀਅਨ ਲਾਕ ਡਾਊਨ ਕਾਰਨ ਇਥੇ ਤਕਰੀਬਨ 1 ਮਹੀਨੇ ਤੋਂ ਫੱਸੀਆਂ ਹੋਈਆਂ ਦੋ ਬਰਾਤਾਂ ਸਣੇ ਇਲਾਕੇ ਦੇ ਜ਼ਰੂਰਤਮੰਦ ਲੋਕਾਂ ਨੂੰ ਭੋਜਨ ਕਰਵਾ ਰਹੀ ਹੈ। ਸੀ.ਆਰ.ਪੀ.ਐਫ. ਦੇ ਨੌਜਵਾਨ ਸਹਾਇਕ ਏ.ਐਸ.ਆਈ. ਸੋਨੂੰ ਕੁਮਾਰ ਜ਼ਿਲਾ ਦਫਤਰ ਤੋਂ ਤਕਰੀਬਨ 60 ਕਿਲੋਮੀਟਰ ਦੂਰ ਦੇਸਾਈਗੰਜ ਤਹਿਸੀਲ ਵਿਚ ਬਰਾਤੀਆਂ ਦੀ ਸੇਵਾ ਕਰ ਰਹੇ ਹਨ।
ਉਨ੍ਹਾਂ ਦਾ ਪੰਜ ਅਪ੍ਰੈਲ ਨੂੰ ਵਿਆਹ ਹੋਣਾ ਸੀ ਪਰ ਉਨ੍ਹਾਂ ਨੂੰ ਆਪਣੀ ਛੁੱਟੀ ਰੱਦ ਕਰਨੀ ਪਈ ਅਤੇ ਉੱਤਰ ਪ੍ਰਦੇਸ਼ ਵਿਚ ਆਪਣੇ ਘਰ ਨਹੀਂ ਜਾ ਸਕੇ। ਹਾਲਾਤ ਉਸ ਸਮੇਂ ਅਜਿਹੇ ਬਣ ਗਏ ਜਦੋਂ ਗੁਆਂਢ ਦੇ ਭੰਡਾਰਾ ਤੋਂ ਅਤੇ ਚੰਦਰਪੁਰ ਤੋਂ ਜਨੇਤੀ 23 ਮਾਰਚ ਇਥੇ ਪਹੁੰਚੇ। ਦੋਹਾਂ ਜਨੇਤਾਂ ਵਿਚ ਤਕਰੀਬਨ 20 ਲੋਕ ਸਨ। ਵਿਆਹ ਤਾਂ ਹੋ ਗਿਆ ਪਰ ਅਗਲੇ ਦਿਨ ਬੰਦ ਦੇ ਐਲਾਨ ਤੋਂ ਬਾਅਦ ਇਹ ਦੋਵੇਂ ਬਰਾਤੀ ਇਲਾਕੇ ਵਿਚ ਫੱਸ ਗਈਆਂ।
ਸੀ.ਆਰ.ਪੀ. ਐਫ. ਦੀ 191 ਬਟਾਲੀਅਨ ਦੇ ਕਮਾਂਡਿੰਗ ਅਧਿਕਾਰੀ ਪ੍ਰਭਾਕਰ ਤ੍ਰਿਪਾਠੀ ਨੇ ਫੋਨ 'ਤੇ ਗੜਚਿਰੋਲੀ ਤੋਂ ਦੱਸਿਆ ਕਿ ਦੋਹਾਂ ਕੁੜੀਆਂ ਦੇ ਪਰਿਵਾਰ ਵਾਲੇ ਰੋਜ਼ਾਨਾ ਕਮਾ ਕੇ ਖਾਣ ਵਾਲੇ ਲੋਕ ਹਨ। ਜਿਵੇਂ ਹੀ ਸਾਨੂੰ ਹਾਲਾਤ ਦਾ ਪਤਾ ਲੱਗਾ, ਅਸੀਂ ਆਪਣੇ ਸਾਰੇ ਸੰਸਾਧਨਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ। ਸੀ.ਆਰ.ਪੀ.ਐਫ. ਕਮਾਂਡੈਂਟ ਨੇ ਦੱਸਿਆ ਕਿ ਦੇਸਾਈਗੰਜ ਵਿਚ ਜਨੇਤਾਂ ਦਾ ਖਾਣਾ ਬਣਾਉਣ ਲਈ ਰਾਸ਼ਨ ਅਤੇ ਰਸੋਈਏ ਭੇਜੇ ਗਏ ਪਰ ਆਸ-ਪਾਸ ਦੇ ਇਲਾਕੇ ਵਿਚ ਰਹਿਣ ਵਾਲੇ ਹੋਰ ਲੋਕਾਂ ਨੇ ਵੀ ਮਦਦ ਮੰਗੀ ਕਿਉਂਕਿ ਉਹ ਵੀ ਰਾਸ਼ਨ ਨਹੀਂ ਖਰੀਦਣ ਵਿਚ ਅਸਮਰੱਥ ਹਨ।