...ਜਦੋਂ ਕ੍ਰਿਕਟ ਮੈਦਾਨ ''ਚ ਉਤਰੇ ਸੰਸਦ ਮੈਂਬਰ, ਖ਼ੂਬ ਲੱਗੇ ਚੌਕੇ-ਛੱਕੇ, ਅਨੁਰਾਗ ਠਾਕੁਰ ਨੇ ਜੜ''ਤਾ ਤੂਫ਼ਾਨੀ ਸੈਂਕੜਾ

Sunday, Dec 15, 2024 - 06:25 PM (IST)

ਨਵੀਂ ਦਿੱਲੀ- ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਐਤਵਾਰ (15 ਦਸੰਬਰ) ਨੂੰ ਲੋਕ ਸਭਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਕ੍ਰਿਕਟ ਦੇ ਮੈਦਾਨ 'ਤੇ ਹੱਥ ਮਿਲਾਉਂਦੇ ਨਜ਼ਰ ਆਏ। ਇਹ ਮੈਚ ਟੀਬੀ ਦੀ ਬਿਮਾਰੀ ਵਿਰੁੱਧ ਜਾਗਰੂਕਤਾ ਮੁਹਿੰਮ ਦੇ ਸਬੰਧ ਵਿੱਚ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਲੋਕ ਸਭਾ ਸਪੀਕਰ ਇਲੈਵਨ ਅਤੇ ਰਾਜ ਸਭਾ ਦੇ ਚੇਅਰਮੈਨ ਇਲੈਵਨ ਦਰਮਿਆਨ ਟੀ-20 ਫਾਰਮੈਟ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਦੋਵੇਂ ਟੀਮਾਂ ਦੇ ਖਿਡਾਰੀ ਬਕਾਇਦਾ ਟੀਮ ਕਿੱਟਾਂ ਪਾ ਕੇ ਮੈਦਾਨ ਵਿੱਚ ਉਤਰੇ। ਉਨ੍ਹਾਂ ਦੀ ਜਰਸੀ 'ਤੇ 'ਟੀਬੀ ਹਾਰੇਗੀ ਅਤੇ ਇੰਡੀਆ ਜਿੱਤੇਗੀ' ਸੰਦੇਸ਼ ਲਿਖਿਆ ਹੋਇਆ ਸੀ।

PunjabKesari

ਇਸ ਮੈਚ ਵਿੱਚ ਲੋਕ ਸਭਾ ਸਪੀਕਰ ਇਲੈਵਨ ਦੀ ਅਗਵਾਈ ਅਨੁਰਾਗ ਠਾਕੁਰ ਨੇ ਕੀਤੀ। ਉਥੇ ਹੀ ਰਾਜ ਸਭਾ ਚੇਅਰਮੈਨ ਇਲੈਵਨ ਦੀ ਕਪਤਾਨੀ ਕਿਰਨ ਰਿਜਿਜੂ ਨੇ ਕੀਤੀ। ਲੋਕ ਸਭਾ ਇਲੈਵਨ ਨੇ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ 'ਤੇ 251 ਦੌੜਾਂ ਦਾ ਵੱਡਾ ਸਕੋਰ ਬਣਾਇਆ। ਲੋਕ ਸਭਾ ਇਲੈਵਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ 20 ਦੌੜਾਂ ਦੇ ਅੰਦਰ ਹੀ ਇਸ ਦੇ ਦੋਵੇਂ ਸਲਾਮੀ ਬੱਲੇਬਾਜ਼ ਮਨੋਜ ਤਿਵਾਰੀ ਅਤੇ ਦੀਪੇਂਦਰ ਸਿੰਘ ਹੁੱਡਾ ਪੈਵੇਲੀਅਨ ਪਰਤ ਗਏ। ਹੁੱਡਾ ਨੂੰ 6 ਦੌੜਾਂ ਦੇ ਨਿੱਜੀ ਸਕੋਰ 'ਤੇ ਕਿਰਨ ਰਿਜਿਜੂ ਨੇ ਐੱਲ.ਬੀ.ਡਬਲਯੂ. ਆਊਟ ਕੀਤਾ। ਮਨੋਜ ਤਿਵਾਰੀ 13 ਦੌੜਾਂ ਦੇ ਵਿਅਕਤੀਗਤ ਸਕੋਰ 'ਤੇ ਸੌਮਿਤਰਾ ਖਾਨ ਦੀ ਗੇਂਦ 'ਤੇ ਕੈਚ ਆਊਟ ਹੋ ਗਏ।

PunjabKesari

ਅਨੁਰਾਗ ਠਾਕੁਰ ਨੇ ਜੜ'ਤਾ ਤੂਫ਼ਾਨੀ ਸੈਂਕੜਾ

ਲੋਕ ਸਭਾ ਸਪੀਕਰ ਇਲੈਵਨ ਦੇ ਕਪਤਾਨ ਅਨੁਰਾਗ ਠਾਕੁਰ ਨੇ ਟੀਮ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲਈ ਅਤੇ ਚੰਦਰਸ਼ੇਖਰ ਆਜ਼ਾਦ ਦੇ ਨਾਲ ਸੈਂਕੜੇ ਦੀ ਸਾਂਝੇਦਾਰੀ ਕੀਤੀ। ਅਨੁਰਾਗ ਨੇ 65 ਗੇਂਦਾਂ 'ਚ 111 ਨਾਬਾਦ ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਚੰਦਰਸ਼ੇਖਰ ਨੇ 23 ਗੇਂਦਾਂ 'ਚ 54 ਦੌੜਾਂ ਬਣਾ ਕੇ ਅਨੁਰਾਗ ਦਾ ਚੰਗਾ ਸਾਥ ਦਿੱਤਾ। ਕਮਲੇਸ਼ ਪਾਸਵਾਨ ਨੇ ਚੰਦਰਸ਼ੇਖਰ ਨੂੰ ਕਲੀਨ ਬੋਲਡ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਗੁਰਮੀਤ ਹੇਅਰ ਸਿਰਫ਼ 7 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਨ੍ਹਾਂ ਨੂੰ ਵੀ ਕਮਲੇਸ਼ ਨੇ ਇਮਰਾਨ ਪ੍ਰਤਾਪਗੜ੍ਹੀ ਹੱਥੋਂ ਕੈਚ ਆਊਟ ਕਰਵਾਇਆ। ਰਾਮ ਮੋਹਨ ਨਾਇਡੂ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਦੇਵੇਸ਼ ਸ਼ਾਕਿਆ 3 ਦੌੜਾਂ ਬਣਾ ਕੇ ਮੁਹੰਮਦ ਅਜ਼ਹਰੂਦੀਨ ਦੇ ਹੱਥੋਂ ਬੋਲਡ ਹੋ ਗਏ। ਦੁਸ਼ਯੰਤ ਸਿੰਘ 5 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਓਮ ਪ੍ਰਕਾਸ਼ ਰਾਜੇ ਬਿਨਾਂ ਖਾਤਾ ਖੋਲ੍ਹੇ ਹੀ ਨਾਬਾਦ ਪਰਤੇ।

PunjabKesari

ਲੋਕ ਸਭਾ ਇਲੈਵਨ ਵੱਲੋਂ ਮਿਲੇ 252 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜ ਸਭਾ ਇਲੈਵਨ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਕਪਤਾਨ ਕਿਰਨ ਰਿਜਿਜੂ ਸਿਰਫ਼ 1 ਦੌੜ ਬਣਾ ਕੇ ਪੈਵੇਲੀਅਨ ਪਰਤ ਗਏ। ਉਨ੍ਹਾਂ ਨੂੰ ਰਾਮ ਮੋਹਨ ਨਾਇਡੂ ਦੀ ਗੇਂਦ 'ਤੇ ਵਿਕਟਕੀਪਰ ਦਿਨੇਸ਼ ਸ਼ਾਕਿਆ ਨੇ ਸਟੰਪ ਕੀਤਾ। ਇਸ ਤੋਂ ਬਾਅਦ ਅਜ਼ਹਰ ਨੇ ਕਮਲੇਸ਼ ਪਾਸਵਾਨ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ। ਦੋਵਾਂ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਰਹੀ। ਦੀਪੇਂਦਰ ਸਿੰਘ ਹੁੱਡਾ ਨੇ ਕਮਲੇਸ਼ ਨੂੰ ਐੱਲ.ਬੀ.ਡਬਲਯੂ. ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ। ਉਨ੍ਹਾਂ ਨੇ 26 ਦੌੜਾਂ ਬਣਾਈਆਂ। ਇਮਰਾਨ ਪ੍ਰਤਾਪਗੜ੍ਹੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਹੁੱਡਾ ਨੇ ਉਨ੍ਹਾਂ ਨੂੰ ਕਲੀਨ ਬੋਲਡ ਕੀਤਾ। ਅਜ਼ਹਰ ਨੇ ਆਊਟ ਹੋਣ ਤੋਂ ਪਹਿਲਾਂ 42 ਗੇਂਦਾਂ ਵਿੱਚ 74 ਦੌੜਾਂ ਦੀ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੂੰ ਹੁੱਡਾ ਦੀ ਗੇਂਦ 'ਤੇ ਰਾਜੀਵ ਪ੍ਰਤਾਪ ਰੂਡੀ ਨੇ ਸਟੰਪ ਕੀਤਾ।

PunjabKesari

ਦੀਪੇਂਦਰ ਹੁੱਡਾ ਨੇ ਨੀਰਜ ਡਾਂਗੀ ਅਤੇ ਸੀ.ਐੱਮ. ਰਮੇਸ਼ ਨੂੰ ਰਨ ਆਊਟ ਕਰਕੇ ਰਾਜ ਸਭਾ ਇਲੈਵਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਡਾਂਗੀ 28 ਦੌੜਾਂ ਅਤੇ ਰਮੇਸ਼ 2 ਦੌੜਾਂ ਹੀ ਬਣਾ ਸਕੇ। ਕੇ. ਸੁਧਾਕਰ 27 ਦੌੜਾਂ ਬਣਾ ਕੇ ਰਿਟਾਇਰ ਹਰਟ ਹੋ ਗਏ। ਅਰੁਣ ਯਾਦਵ ਨੂੰ 5 ਦੌੜਾਂ ਦੇ ਸਕੋਰ 'ਤੇ ਨਿਸ਼ੀਕਾਂਤ ਦੂਬੇ ਨੇ ਬੋਲਡ ਕੀਤਾ। ਵੀ.ਕੇ. ਦੂਬੇ ਖਾਤਾ ਖੋਲ੍ਹੇ ਬਿਨਾਂ ਨਿਸ਼ੀਕਾਂਤ ਦੂਬੇ ਦੀ ਗੇਂਦ 'ਤੇ ਅਰੁਣ ਗੋਵਿਲ ਦੇ ਹੱਥੋਂ ਕੈਚ ਹੋ ਕੇ ਪੈਵੇਲੀਅਨ ਪਰਤ ਗਏ। ਐੱਨ ਦੂਬੇ ਖਾਤਾ ਖੋਲ੍ਹੇ ਬਿਨਾਂ ਨਾਬਾਦ ਰਹੇ। ਇਸ ਤਰ੍ਹਾਂ ਕਿਰਨ ਰਿਜਿਜੂ ਦੀ ਕਪਤਾਨੀ ਵਾਲੀ ਰਾਜ ਸਭਾ ਚੇਅਰਮੈਨ ਇਲੈਵਨ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ ਸਿਰਫ਼ 178 ਦੌੜਾਂ ਹੀ ਬਣਾ ਸਕੀ ਅਤੇ ਉਸ ਨੂੰ ਅਨੁਰਾਗ ਠਾਕੁਰ ਦੀ ਅਗਵਾਈ ਵਾਲੀ ਲੋਕ ਸਭਾ ਸਪੀਕਰ ਇਲੈਵਨ ਦੇ ਹੱਥੋਂ 73 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

PunjabKesari

ਇਨ੍ਹਾਂ ਨੂੰ ਮਿਲਿਆ ਅਵਾਰਡ

ਟੀਬੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੰਸਦ ਮੈਂਬਰਾਂ ਦੇ ਇੱਕ ਦੋਸਤਾਨਾ ਕ੍ਰਿਕਟ ਮੈਚ ਵਿੱਚ ਸਾਂਸਦ ਮਨੋਜ ਤਿਵਾੜੀ ਨੂੰ 'ਸੁਪਰ ਕੈਚ ਆਫ਼ ਦਾ ਮੈਚ' ਐਵਾਰਡ ਦਿੱਤਾ ਗਿਆ। ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੂੰ ਬੈਸਟ ਗੇਂਦਬਾਜ਼ ਦਾ ਐਵਾਰਡ ਦਿੱਤਾ ਗਿਆ। ਸਾਂਸਦ ਨਿਸ਼ੀਕਾਂਤ ਦੂਬੇ ਨੂੰ ਬੈਸਡ ਫੀਲਡਰ ਵਜੋਂ ਸਨਮਾਨਿਤ ਕੀਤਾ ਗਿਆ। ਜਦਕਿ ਮੁਹੰਮਦ ਅਜ਼ਹਰੂਦੀਨ ਨੂੰ ਬੈਸਟ ਬੱਲੇਬਾਜ਼ ਵਜੋਂ ਸਨਮਾਨਿਤ ਕੀਤਾ ਗਿਆ।


Rakesh

Content Editor

Related News