ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਦਰਾੜ, ਟਰੂਡੋ ਦੇ ਬਿਆਨ ਮਗਰੋਂ ਇਸ ਮਾਮਲੇ 'ਚ ਹੁਣ ਤੱਕ ਕੀ-ਕੀ ਹੋਇਆ

09/21/2023 4:25:56 PM

ਇੰਟਰਨੈਸ਼ਨਲ ਡੈਸਕ- ਕੈਨੇਡਾ ਅਤੇ ਭਾਰਤ ਦਰਮਿਆਨ ਦਿਨ-ਬ-ਦਿਨ ਵਧਦਾ ਜਾ ਰਿਹਾ ਗਤੀਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਹ ਗਤੀਰੋਧ ਉਦੋਂ ਸ਼ੁਰੂ ਹੋਇਆ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਵਿਚ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਭਾਰਤ ਆਏ ਸਨ ਅਤੇ ਇਸ ਮਗਰੋਂ ਕੈਨੇਡਾ ਵਾਪਸੀ 'ਤੇ ਉਹ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ, ਜਿਸ ਵਿਚ ਵਿਰੋਧੀ ਨੇਤਾਵਾਂ ਨੇ ਕਿਹਾ ਸੀ ਕਿ ਭਾਰਤ ਅਤੇ ਹੋਰ ਦੇਸ਼ਾਂ ਨੇ ਜੀ-20 ਸੰਮੇਲਨ ਦੌਰਾਨ ਜਸਟਿਨ ਟਰੂਡੋ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਹਾਲਾਂਕਿ ਇਸ ਮਗਰੋਂ ਟਰੂਡੋ ਨੇ ਵਿਰਧੀਆਂ ਨੂੰ ਇਕ ਵੀਡੀਓ ਰਾਹੀਂ ਜਵਾਬ ਵੀ ਦਿੱਤਾ ਸੀ। ਇਸੇ ਦਰਮਿਆਨ ਬੀਤੇ ਦਿਨ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਵਿਚ ਖੜ੍ਹੇ ਹੋ ਕੇ ਭਾਰਤੀ ਏਜੰਸੀਆਂ ’ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਲਗਾਏ, ਜਿਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧਣੀ ਸ਼ੁਰੂ ਹੋ ਗਈ ਅਤੇ ਕੈਨੇਡਾ ਸਰਕਾਰ ਵੱਲੋਂ ਭਾਰਤ ਦੇ ਚੋਟੀ ਦੇ ਡਿਪਲੋਮੈਟ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦੇ ਜਵਾਬ ਵਿਚ ਭਾਰਤ ਨੇ ਵੀ ਕੈਨੇਡਾ ਦੇ ਡਿਪਲੋਮੈਟ ਨੂੰ 5 ਦਿਨਾਂ ਦੇ ਅੰਦਰ ਭਾਰਤ ਛੱਡਣ ਲਈ ਕਹਿ ਦਿੱਤਾ। ਆਓ ਜਾਣਦੇ ਹਾਂ ਮੋਦੀ-ਟਰੂਡੋ ਦੀ ਮਿਲਣੀ ਤੋਂ ਬਾਅਦ ਹੁਣ ਤੱਕ ਕੀ-ਕੀ ਹੋਇਆ...

ਇਹ ਵੀ ਪੜ੍ਹੋ: ਵੱਡੀ ਖ਼ਬਰ: ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਕਰਨ 'ਤੇ ਭਾਰਤ ਦੀ BLS ਏਜੰਸੀ ਦਾ ਨਵਾਂ ਫ਼ੈਸਲਾ

ਟਰੂਡੋ ਨੇ ਕੈਨੇਡੀਅਨ ਸੰਸਦ 'ਚ ਭਾਰਤ 'ਤੇ ਨਿੱਝਰ ਦੇ ਕਤਲ ਦਾ ਲਾਇਆ ਇਲਜ਼ਾਮ 

ਟਰੂਡੋ ਨੇ ਸੰਸਦ ਵਿੱਚ ਕਿਹਾ ਸੀ ਕਿ ਕੈਨੇਡੀਅਨ ਖੁਫੀਆ ਏਜੰਸੀਆਂ ਖਾਲਿਸਤਾਨ ਪੱਖੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ਕਰ ਰਹੀਆਂ ਹਨ। ਨਿੱਝਰ ਨੂੰ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਸਿੱਖ ਸੱਭਿਆਚਾਰਕ ਕੇਂਦਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਟਰੂਡੋ ਨੇ ਸੰਸਦ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪਿਛਲੇ ਹਫਤੇ ਜੀ-20 ਸੰਮੇਲਨ ਦੌਰਾਨ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਕੋਲ ਇਸ ਕਤਲੇਆਮ ਦਾ ਮਾਮਲਾ ਉਠਾਇਆ ਸੀ। ਟਰੂਡੋ ਮੁਤਾਬਕ ਉਨ੍ਹਾਂ ਨੇ ਮੋਦੀ ਨੂੰ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੋਈ ਵੀ ਸ਼ਮੂਲੀਅਤ ਅਸਵੀਕਾਰਨਯੋਗ ਹੋਵੇਗੀ ਅਤੇ ਨਾਲ ਹੀ ਉਨ੍ਹਾਂ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੀ ਬੇਨਤੀ ਕੀਤੀ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਕਿ ਨਤੀਜੇ ਵਜੋਂ ਕੈਨੇਡਾ ਵਿੱਚ ਭਾਰਤੀ ਖੁਫੀਆ ਮੁਖੀ ਨੂੰ ਕੱਢ ਦਿੱਤਾ ਗਿਆ ਹੈ। ਜੋਲੀ ਨੇ ਕਿਹਾ, "ਜੇਕਰ ਇਹ ਇਲਜ਼ਾਮ ਸੱਚ ਸਾਬਤ ਹੁੰਦਾ ਹੈ, ਤਾਂ ਇਹ ਸਾਡੀ ਪ੍ਰਭੂਸੱਤਾ ਅਤੇ ਦੇਸ਼ਾਂ ਦੇ ਇੱਕ-ਦੂਜੇ ਨਾਲ ਵਤੀਰਾ ਕਰਨ ਦੇ ਸਭ ਤੋਂ ਬੁਨਿਆਦੀ ਨਿਯਮ ਦੀ ਉਲੰਘਣਾ ਹੋਵੇਗੀ। ਇਸੇ ਲਈ ਅਸੀਂ ਇੱਕ ਚੋਟੀ ਦੇ ਭਾਰਤੀ ਡਿਪਲੋਮੈਟ ਨੂੰ ਕੱਢ ਦਿੱਤਾ ਹੈ।

ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਕੀਤਾ ਰੱਦ

ਭਾਰਤ ਨੇ ਮੰਗਲਵਾਰ ਨੂੰ ਇਨ੍ਹਾਂ ਦੋਸ਼ਾਂ ਨੂੰ "ਬੇਹੂਦਾ" ਅਤੇ "ਪ੍ਰੇਰਿਤ" ਦੱਸਦਿਆਂ ਰੱਦ ਕਰ ਦਿੱਤਾ ਸੀ ਅਤੇ ਕੈਨੇਡਾ ਵੱਲੋਂ ਇਸ ਮਾਮਲੇ 'ਤੇ ਇੱਕ ਭਾਰਤੀ ਅਧਿਕਾਰੀ ਨੂੰ ਕੱਢਣ ਦਾ ਬਦਲਾ ਲੈਣ ਲਈ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ ਸੀ। ਭਾਰਤ ਨੇ ਬੁੱਧਵਾਰ ਨੂੰ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਕੈਨੇਡਾ ਵਿੱਚ ਵਧਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਸਿਆਸੀ ਤੌਰ 'ਤੇ ਸਮਰਥਨ ਪ੍ਰਾਪਤ ਨਫ਼ਰਤੀ ਅਪਰਾਧਾਂ ਅਤੇ ਅਪਰਾਧਿਕ ਹਿੰਸਾ ਦੇ ਮੱਦੇਨਜ਼ਰ ਉੱਥੇ ਰਹਿ ਰਹੇ ਆਪਣੇ ਨਾਗਰਿਕਾਂ ਅਤੇ ਕੈਨੇਡਾ ਦੀ ਯਾਤਰਾ 'ਤੇ ਵਿਚਾਰ ਕਰਨ ਵਾਲਿਆਂ ਨੂੰ "ਬਹੁਤ ਸਾਵਧਾਨੀ" ਵਰਤਣ ਲਈ ਸੁਚੇਤ ਕਰਨ ਦੀ ਸਲਾਹ ਜਾਰੀ ਕੀਤੀ ਸੀ। ਭਾਰਤ ਦਾ ਮੰਨਣਾ ਹੈ ਕਿ ਟਰੂਡੋ ਸਰਕਾਰ ਉਸ ਦੀਆਂ ਅਸਲ ਚਿੰਤਾਵਾਂ ਵੱਲ ਧਿਆਨ ਨਹੀਂ ਦੇ ਰਹੀ ਹੈ।

ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਦੀ ਟ੍ਰੈਵਲ ਐਡਵਾਈਜ਼ਰੀ ਨੂੰ ਕੀਤਾ ਰੱਦ, ਸ਼ਾਂਤੀ ਦੀ ਕੀਤੀ ਅਪੀਲ

ਕੈਨੇਡਾ ਦੇ ਦੋਸ਼ਾਂ ’ਤੇ ਸਹਿਯੋਗੀ ਦੇਸ਼ਾਂ ਦੀ ਰਾਏ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਇਕ ਪ੍ਰਮੁੱਖ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਦੇ ਮਾਮਲੇ ’ਚ ਭਾਰਤ ਦੇ ਸ਼ਾਮਲ ਹੋਣ ਦਾ ਦੋਸ਼ ਲਾਉਣ ਵਿਚਾਲੇ ਕੈਨੇਡਾ ਦੀ ਮੀਡੀਆ ਨੇ ਦੱਸਿਆ ਹੈ ਕਿ ਓਟਾਵਾ ਦੇ ਨਜ਼ਦੀਕੀ ਸਹਿਯੋਗੀ ‘ਫਾਈਵ ਆਈਜ਼’ ਕੈਨੇਡਾ ਦਾ ਪੱਖ ਲੈਣ ਦੇ ਇੱਛੁਕ ਨਜ਼ਰ ਨਹੀਂ ਆ ਰਹੇ। ਹਾਲਾਂਕਿ ਸਬੰਧਤ ਦੇਸ਼ਾਂ ਨੇ ਕਿਹਾ ਹੈ ਕਿ ਦਾਅਵੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਕੈਨੇਡਾ ਇਕ ਖੁਫੀਆ ਗਠਜੋੜ ‘ਫਾਈਵ ਆਈਜ਼’ ਨੈੱਟਵਰਕ ਦਾ ਹਿੱਸਾ ਹੈ, ਜਿਸ ਵਿਚ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਸ਼ਾਮਲ ਹਨ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀ. ਬੀ. ਸੀ.) ਦੀ ਇਕ ਰਿਪੋਰਟ ਅਨੁਸਾਰ ਕੈਨੇਡਾ ਦੇ ‘ਫਾਈਵ ਆਈਜ਼’ ਸਹਿਯੋਗੀਆਂ ਨੇ ਟਰੂਡੋ ਦੇ ਦੋਸ਼ਾਂ ’ਤੇ ਓਟਾਵਾ ਤੇ ਨਵੀਂ ਦਿੱਲੀ ਵਿਚਾਲੇ ਵਧਦੇ ਵਿਵਾਦ ਵਿਚ ਕੈਨੇਡਾ ਦੇ ਪੱਖ ਵਿਚ ਜ਼ਿਆਦਾ ਸਰਗਰਮੀ ਨਹੀਂ ਵਿਖਾਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਤੱਥ ਦੇ ਬਾਵਜੂਦ ਕਿ ਟਰੂਡੋ ਸਰਕਾਰ ਨੂੰ ਲੱਗਦਾ ਹੈ ਕਿ ਉਸ ਕੋਲ ਸੰਸਦ ਵਿਚ ਦੋਸ਼ ਲਾਉਣ ਅਤੇ ਇਕ ਭਾਰਤੀ ਡਿਪਲੋਮੈਟ ਨੂੰ ਬਾਹਰ ਕੱਢਣ ਦੀ ਲੋੜੀਂਦੀ ਜਾਣਕਾਰੀ ਹੈ, ਜ਼ਿਆਦਾਤਰ ਸਹਿਯੋਗੀ ਦੇਸ਼ਾਂ ਨੇ ਦੋਸ਼ ਦੀ ਡੂੰਘੀ ਜਾਂਚ ’ਤੇ ਜ਼ੋਰ ਦਿੱਤਾ। ਅਮਰੀਕਾ, ਬ੍ਰਿਟੇਨ ਤੇ ਆਸਟ੍ਰੇਲੀਆ ਸਾਰਿਆਂ ਨੇ ਬਿਆਨ ਜਾਰੀ ਕਰ ਕੇ ਦੋਸ਼ਾਂ ਦੀ ਡੂੰਘੀ ਜਾਂਚ ਦੀ ਮੰਗ ਕੀਤੀ ਹੈ। ਸੀ. ਬੀ. ਸੀ. ਦੀ ਰਿਪੋਰਟ ਅਨੁਸਾਰ ਇਕ ਹੋਰ ਸਹਿਯੋਗੀ ਬ੍ਰਿਟੇਨ ਨੇ ਇਸ ਸਬੰਧੀ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ। ਹਾਲਾਂਕਿ ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਮਸ ਕਲੇਵਰਲੀ ਨੇ ਭਾਰਤ ਦਾ ਕੋਈ ਵਰਣਨ ਕੀਤੇ ਬਿਨਾਂ ‘ਐਕਸ’ ’ਤੇ ਕਿਹਾ,‘‘ਸਾਰੇ ਦੇਸ਼ਾਂ ਨੂੰ ਪ੍ਰਭੂਸੱਤਾ ਅਤੇ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨਾ ਚਾਹੀਦਾ ਹੈ। ਅਸੀਂ ਕੈਨੇਡਾ ਦੀ ਸੰਸਦ ਵਿਚ ਉਠਾਏ ਗਏ ਗੰਭੀਰ ਦੋਸ਼ਾਂ ਬਾਰੇ ਆਪਣੇ ਕੈਨੇਡੀਆਈ ਸਹਿਯੋਗੀਆਂ ਨਾਲ ਲਗਾਤਾਰ ਸੰਪਰਕ ਵਿਚ ਹਾਂ।’’

ਅਮਰੀਕਾ ਨੇ ਕੀਤਾ ਕੈਨੇਡਾ ਦਾ ਸਮਰਥਨ

ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ’ਚ ਭਾਰਤ ਦੇ ਕਥਿਤ ਤੌਰ ’ਤੇ ਸ਼ਾਮਲ ਹੋਣ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਨੂੰ ‘ਬੇਹੱਦ ਗੰਭੀਰ’ ਕਰਾਰ ਦਿੰਦਿਆਂ ਕਿਹਾ ਕਿ ਵਾਸ਼ਿੰਗਟਨ ਇਸ ਮਾਮਲੇ ਦੀ ਜਾਂਚ ਲਈ ਓਟਾਵਾ ਦੇ ਯਤਨਾਂ ਦਾ ਸਮਰਥਨ ਕਰਦਾ ਹੈ ਅਤੇ ਨਾਲ ਹੀ ਨਵੀਂ ਦਿੱਲੀ ਨੂੰ ਇਸ ਵਿਚ ਸਹਿਯੋਗ ਦੇਣ ਦੀ ਅਪੀਲ ਕਰਦਾ ਹੈ। ਅਮਰੀਕੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਰਣਨੀਤਕ ਸੰਚਾਰ ਕੋਆਰਡੀਨੇਟਰ ਜਾਨ ਕਿਰਬੀ ਨੇ ਕਿਹਾ,‘‘ ਯਕੀਨੀ ਤੌਰ ’ਤੇ ਰਾਸ਼ਟਰਪਤੀ (ਜੋ ਬਾਈਡੇਨ) ਇਨ੍ਹਾਂ ਗੰਭੀਰ ਦੋਸ਼ਾਂ ਪ੍ਰਤੀ ਸੁਚੇਤ ਹਨ ਅਤੇ ਇਹ ਬਹੁਤ ਗੰਭੀਰ ਦੋਸ਼ ਹਨ। ਅਸੀਂ ਇਨ੍ਹਾਂ ਦੀ ਜਾਂਚ ਲਈ ਕੈਨੇਡਾ ਦੇ ਯਤਨਾਂ ਦਾ ਸਮਰਥਨ ਕਰਦੇ ਹਾਂ।’’ ਜਾਨ ਕਿਰਬੀ ਨੇ ਸੀ. ਐੱਨ. ਐੱਨ. ਨੂੰ ਦਿੱਤੀ ਗਈ ਵਿਸ਼ੇਸ਼ ਇੰਟਰਵਿਊ ਵਿਚ ਕਿਹਾ,‘‘ਸਾਡਾ ਮੰਨਣਾ ਹੈ ਕਿ ਇਸ ਸਿਲਸਿਲੇ ’ਚ ਪੂਰੀ ਤਰ੍ਹਾਂ ਪਾਰਦਰਸ਼ੀ ਵਿਆਪਕ ਜਾਂਚ ਸਹੀ ਨਜ਼ਰੀਆ ਹੈ ਤਾਂ ਜੋ ਅਸੀਂ ਸਾਰੇ ਜਾਣ ਸਕੀਏ ਕਿ ਅਸਲ ’ਚ ਕੀ ਹੋਇਆ ਸੀ ਅਤੇ ਯਕੀਨੀ ਤੌਰ ’ਤੇ ਅਸੀਂ ਭਾਰਤ ਨੂੰ ਇਸ ਵਿਚ ਸਹਿਯੋਗ ਦੇਣ ਲਈ ਉਤਸ਼ਾਹਿਤ ਕਰਦੇ ਹਾਂ।’’ ਉਨ੍ਹਾਂ ਕਿਹਾ,‘‘ਮੈਂ ਇਸ ਜਾਂਚ ਦੀ ਸਪਸ਼ਟਤਾ ਨੂੰ ਬਣਾਈ ਰੱਖਣ ਲਈ ਇੱਥੇ ਜੋ ਕੁਝ ਵੀ ਕਹਿੰਦਾ ਹਾਂ, ਉਸ ਬਾਰੇ ਸਾਵਧਾਨ ਰਹਾਂਗਾ ਅਤੇ ਇਸ ਵਿਚਲੀ ਜਾਣਕਾਰੀ ਬਾਰੇ ਗੱਲ ਕਰਨ ਲਈ ਇਸ ਨੂੰ ਕੈਨੇਡਾ ’ਤੇ ਛੱਡ ਦੇਵਾਂਗਾ। ਉਹ ਹੋਰ ਕੀ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ, ਅਸੀਂ ਉਸ ਪ੍ਰਕਿਰਿਆ ਤੇ ਉਨ੍ਹਾਂ ਦੀ ਜਾਂਚ ਦਾ ਸਨਮਾਨ ਕਰਨਾ ਚਾਹੁੰਦੇ ਹਾਂ।’’

ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ

ਕੈਨੇਡਾ ਸਰਕਾਰ ਨੇ ਬੀਤੇ ਦਿਨੀਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਅੱਤਵਾਦੀ ਹਮਲੇ ਦਾ ਖ਼ਦਸ਼ਾ ਜਤਾਉਂਦਿਆਂ ਆਪਣੇ ਨਾਗਰਿਕਾਂ ਲਈ ਚਿਤਾਵਨੀ ਜਾਰੀ ਕੀਤੀ ਸੀ। ਕੈਨੇਡਾ ਸਰਕਾਰ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਭਾਰਤ ਵਿਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ 10 ਕਿੱਲੋਮਟਰ ਦੇ ਘੇਰੇ ਅੰਦਰ ਜਾਣ ਤੋਂ ਗੁਰੇਜ਼ ਕਰਨ। ਸਰਕਾਰ ਨੇ ਪੰਜਾਬ, ਜੰਮੂ-ਕਸ਼ਮੀਰ, ਗੁਜਰਾਤ ਅਤੇ ਰਾਜਸਥਾਨ ਵਿਚ ਸੁਰੱਖਿਆ ਨਾਲ ਜੁੜੇ ਹਾਲਾਤ ਪੈਦਾ ਹੋਣ ਦਾ ਖ਼ਦਸ਼ਾ ਜਤਾਇਆ ਸੀ। ਕੈਨੇਡਾ ਸਰਕਾਰ ਦੀ ਵੈੱਬਸਾਈਟ ਮੁਤਾਬਕ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਭਾਰਤ ਵਿਚ ਸਾਵਧਾਨੀ ਨਾਲ ਰਹਿਣ ਕਿਉਂਕਿ ਭਾਰਤ ਵਿਚ ਅੱਤਵਾਦੀ ਹਮਲੇ ਹੋ ਸਕਦੇ ਹਨ। ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਦੇ ਨਾਲ ਲਗਦੇ ਸਰਹੱਦੀ ਖੇਤਰ ਵਿਚ ਸਾਰੀਆਂ ਯਾਤਰਾਵਾਂ ਟਾਲਣ ਦੀ ਸਲਾਹ ਦਿੱਤੀ ਗਈ ਸੀ। ਵੈੱਬਸਾਈਟ ਮੁਤਾਬਕ ਸੁਰੱਖਿਆ ਸਥਿਤੀ ਅਤੇ ਬਾਰੂਦੀ ਸੁਰੰਗਾਂ ਅਤੇ ਅਣਵਿਸਫੋਟ ਹਥਿਆਰਾਂ ਦੀ ਮੌਜੂਦਗੀ ਦੇ ਕਾਰਨ ਪੰਜਾਬ, ਗੁਜਰਾਤ ਅਤੇ ਰਾਜਸਥਾਨ ਵਿਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਦੇ ਖੇਤਰਾਂ ਵਿਚ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ। ਇਸ ਐਡਵਾਈਜ਼ਰੀ ਵਿਚ ਵਾਹਗਾ ਬਾਰਡਰ ਕਰਾਸਿੰਗ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕੈਨੇਡਾ 'ਚ ਗੈਂਗਸਟਰ ਸੁੱਖਾ ਦੁੱਨੇਕੇ ਦਾ ਗੋਲੀ ਮਾਰ ਕੇ ਕਤਲ

ਕੈਨੇਡਾ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਭਾਰਤ ਸਰਕਾਰ ਨੇ ਵੀ ਜਾਰੀ ਕੀਤੀ ਹੈ ਐਡਵਾਈਜ਼ਰੀ

ਕੈਨੇਡਾ 'ਚ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ 'ਭਾਰਤ ਸਰਕਾਰ ਦੇ ਏਜੰਟ ਦਾ ਹੱਥ' ਹੋਣ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਦੀ ਜਾਂਚ ਦਰਮਿਆਨ ਕੈਨੇਡੀਅਨ ਸਰਕਾਰ ਨੇ ਭਾਰਤੀ ਡਿਪਲੋਮੈਂਟ ਨੂੰ ਦੇਸ਼ ਤੋਂ ਕੱਢ ਦਿੱਤਾ ਹੈ। ਉੱਥੇ ਹੀ ਜਵਾਬੀ ਕਾਰਵਾਈ 'ਚ ਭਾਰਤ ਨੇ ਵੀ ਕੈਨੇਡਾ ਦੇ ਡਿਪਲੋਮੈਂਟ ਨੂੰ ਤਲਬ ਕੀਤਾ ਅਤੇ 5 ਦਿਨ ਦੇ ਅੰਦਰ ਦੇਸ਼ ਛੱਡਣ ਲਈ ਕਿਹਾ। ਉੱਥੇ ਹੀ ਹੁਣ ਭਾਰਤ-ਕੈਨੇਡਾ ਦਰਮਿਆਨ ਵਧੀ ਤਲਖ਼ੀ ਦਰਮਿਆਨ ਜਸਟਿਨ ਟਰੂਡੋ ਨੂੰ ਭਾਰਤ ਦਾ ਇਕ ਹੋਰ ਮੂੰਹਤੋੜ ਜਵਾਬ ਆਇਆ ਹੈ। ਕੈਨੇਡਾ ਜਾਣ ਵਾਲੇ ਭਾਰਤੀਆਂ ਲਈ ਭਾਰਤ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਜ਼ਰੀਏ ਭਾਰਤੀ ਵਿਦਿਆਰਥੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦੱਸ ਦੇਈਏ ਕਿ ਭਾਰਤ ਦੇ ਸਭ ਤੋਂ ਜ਼ਿਆਦਾ ਸਿੱਖ ਕੈਨੇਡਾ ਵਿਚ ਰਹਿੰਦੇ ਹਨ। ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਰਹਿੰਦੇ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਆਪਣੇ ਆਪ ਨੂੰ ਰਜਿਸਟਰ ਜ਼ਰੂਰ ਕਰਵਾਉਣ।  ਭਾਰਤੀ ਨਾਗਰਿਕ ਖ਼ੁਦ ਨੂੰ ਓਟਾਵਾ 'ਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰਤ ਪੋਰਟਲ MADAD madad.gov.in 'ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਅਤੇ ਕਿਸੇ ਵੀ ਐਮਰਜੈਂਸੀ ਦੇ ਹਾਲਾਤ ਸਮੇਂ ਹਾਈ ਕਮਿਸ਼ਨ ਅਤੇ ਕੌਂਸਲ ਜਨਰਲ ਕੈਨਡਾ ਅਥਾਰਟੀ ਨਾਲ ਰਾਬਤਾ ਕਾਇਮ ਕਰ ਰਿਹਾ ਹੈ।

ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾ ਕੀਤੀ ਮੁਅੱਤਲ

ਕੈਨੇਡਾ ਵਿੱਚ ਭਾਰਤੀ ਮਿਸ਼ਨ ਨੇ ਵੀਰਵਾਰ ਨੂੰ ਕਾਰਜਸ਼ੀਲ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਗਲੇ ਨੋਟਿਸ ਤੱਕ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ। ਬੀ.ਐੱਲ.ਐੱਸ. ਇੰਟਰਨੈਸ਼ਨਲ ਨੇ ਇਹ ਜਾਣਕਾਰੀ ਦਿੱਤੀ। BLS ਇੰਟਰਨੈਸ਼ਨਲ ਸਰਵਿਸਿਜ਼ ਲਿਮਿਟਡ ਦੁਨੀਆ ਭਰ ਵਿੱਚ ਸਰਕਾਰੀ ਅਤੇ ਕੂਟਨੀਤਕ ਮਿਸ਼ਨਾਂ ਲਈ ਇੱਕ ਭਾਰਤੀ ਆਊਟਸੋਰਸਿੰਗ ਸੇਵਾ ਪ੍ਰਦਾਤਾ ਹੈ। ਕੰਪਨੀ ਵੀਜ਼ਾ, ਪਾਸਪੋਰਟ, ਕੌਂਸਲਰ, ਤਸਦੀਕ ਅਤੇ ਨਾਗਰਿਕ ਸੇਵਾਵਾਂ ਦਾ ਪ੍ਰਬੰਧਨ ਕਰਦੀ ਹੈ।

ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਕਰਨ 'ਤੇ ਭਾਰਤ ਦੀ BLS ਏਜੰਸੀ ਦਾ ਨਵਾਂ ਫ਼ੈਸਲਾ

ਕੈਨੇਡੀਅਨ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਦੀ ਸ਼ੁਰੂਆਤੀ ਜਾਂਚ ਲਈ ਭਾਰਤ ਵੱਲੋਂ ਨਿਯੁਕਤ ਇਕ ਨਿੱਜੀ ਏਜੰਸੀ ਨੇ ਵੀਰਵਾਰ ਨੂੰ ਆਪਣੀ ਵੈਬਸਾਈਟ 'ਤੇ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਨਾਲ ਸਬੰਧਤ ਨੋਟਿਸ ਜਾਰੀ ਕੀਤਾ ਸੀ ਪਰ ਕੁਝ ਘੰਟਿਆਂ ਬਾਅਦ ਇਸ ਨੂੰ ਹਟਾ ਦਿੱਤਾ। ਏਜੰਸੀ ਨੇ ਆਪਣੀ ਵੈੱਬਸਾਈਟ 'ਤੇ ਇੱਕ ਨੋਟਿਸ ਜਾਰੀ ਕੀਤਾ ਸੀ ਕਿ ਭਾਰਤੀ ਵੀਜ਼ਾ ਸੇਵਾਵਾਂ ਨੂੰ "ਅਗਲੇ ਨੋਟਿਸ ਤੱਕ" ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਜਾਣਕਾਰੀ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ। ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਚੱਲ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੂਨ ਵਿੱਚ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News