ਦੇਸ਼ ’ਚ 12 ਤੋਂ 17 ਸਾਲ ਦੇ ਬੱਚਿਆਂ ਲਈ ‘ਕੋਵੋਵੈਕਸ ਟੀਕੇ’ ਨੂੰ ਮਨਜ਼ੂਰੀ

Thursday, Mar 10, 2022 - 09:08 AM (IST)

ਦੇਸ਼ ’ਚ 12 ਤੋਂ 17 ਸਾਲ ਦੇ ਬੱਚਿਆਂ ਲਈ ‘ਕੋਵੋਵੈਕਸ ਟੀਕੇ’ ਨੂੰ ਮਨਜ਼ੂਰੀ

ਨਵੀਂ ਦਿੱਲੀ- ਭਾਰਤੀ ਡਰੱਗ ਰੈਗੂਲੇਟਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਤੋਂ ਐਂਟੀ ਕੋਵਿਡ-19 ਵੈਕਸੀਨ 'ਕੋਵੋਵੈਕਸ' ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਟੀਕਾ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ। ਦੇਸ਼ ਵਿਚ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਉਪਲੱਬਧ ਇਹ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀ ਚੌਥੀ ਵੈਕਸੀਨ ਹੋਵੇਗੀ। ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਨੇ ਕੋਵਿਡ-19 'ਤੇ ਮਾਹਰ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਕੋਵੋਵੈਕਸ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਦੱਸ ਦੇਈਏ ਕਿ ਸਰਕਾਰ ਨੇ ਅਜੇ ਤੱਕ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਟੀਕਾਕਰਨ ਕਰਨ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। ਸੀਰਮ ਇੰਸਟੀਚਿਊਟ ਦੇ ਡਾਇਰੈਕਟਰ (ਸਰਕਾਰੀ ਅਤੇ ਰੈਗੂਲੇਟਰੀ ਮਾਮਲੇ) ਪ੍ਰਕਾਸ਼ ਕੁਮਾਰ ਸਿੰਘ ਨੇ 21 ਫਰਵਰੀ ਨੂੰ ਡੀ. ਸੀ. ਜੀ. ਆਈ. ਨੂੰ ਦਿੱਤੀ ਅਰਜ਼ੀ ਵਿਚ ਕਿਹਾ ਕਿ 12 ਤੋਂ 17 ਸਾਲ ਦੀ ਉਮਰ ਦੇ ਲਗਭਗ 2707 ਬੱਚਿਆਂ 'ਤੇ ਕੀਤੇ ਗਏ ਦੋ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕੋਵੋਵੈਕਸ ਵਧੇਰੇ ਪ੍ਰਭਾਵੀ ਹੈ ਅਤੇ ਵਧੇਰੇ ਪ੍ਰਤੀਰੋਧਕ (ਇਮਿਊਨਿਟੀ) ਸ਼ਕਤੀ ਪੈਦਾ ਕਰਦਾ ਹੈ। ਇਹ ਇਕ ਸੁਰੱਖਿਅਤ ਵੈਕਸੀਨ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸ ਉਮਰ ਵਰਗ ਦੇ ਬੱਚੇ ਇਸ ਟੀਕੇ ਨੂੰ ਚੰਗੀ ਤਰ੍ਹਾਂ ਬਰਦਾਸ਼ਤ ਕਰ ਸਕਦੇ ਹਨ।

ਇਕ ਅਧਿਕਾਰਤ ਸੂਤਰ ਮੁਤਾਬਕ ਅਰਜ਼ੀ 'ਚ ਪ੍ਰਕਾਸ਼ ਕੁਮਾਰ ਵਲੋਂ ਕਿਹਾ ਗਿਆ ਸੀ ਕਿ ਇਹ ਮਨਜ਼ੂਰੀ ਨਾ ਸਿਰਫ ਸਾਡੇ ਦੇਸ਼ ਲਈ ਫਾਇਦੇਮੰਦ ਹੋਵੇਗੀ ਸਗੋਂ ਪੂਰੀ ਦੁਨੀਆ ਨੂੰ ਇਸ ਦਾ ਫਾਇਦਾ ਹੋਵੇਗਾ। ਸਿੰਘ ਨੇ ਕਿਹਾ, "ਇਹ ਸਾਡੇ ਪ੍ਰਧਾਨ ਮੰਤਰੀ ਦੇ 'ਮੇਕਿੰਗ ਇਨ ਇੰਡੀਆ ਫਾਰ ਦਿ ਵਰਲਡ' ਦੇ ਵਿਜ਼ਨ ਦੇ ਅਨੁਸਾਰ ਹੈ। ਸਾਡੇ ਸੀ.ਈ.ਓ ਡਾ. ਅਦਾਰ ਪੂਨਾਵਾਲਾ ਦੇ ਦ੍ਰਿਸ਼ਟੀਕੋਣ ਮੁਤਾਬਕ ਮੈਨੂੰ ਯਕੀਨ ਹੈ ਕਿ ਕੋਵੋਵੈਕਸ ਦੇਸ਼ ਅਤੇ ਦੁਨੀਆ ਦੇ ਵੱਡੇ ਪੱਧਰ 'ਤੇ ਬੱਚਿਆਂ ਨੂੰ ਕੋਵਿਡ-19 ਬੀਮਾਰੀ ਤੋਂ ਬਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਭਾਰਤ ਬਾਇਓਟੈਕ ਦੀ ਵੈਕਸੀਨ 'ਕੋਵੈਕਸੀਨ' ਭਾਰਤ ਵਿੱਚ 15-18 ਸਾਲ ਦੀ ਉਮਰ ਦੇ ਬਾਲਗਾਂ ਨੂੰ ਟੀਕਾਕਰਨ ਲਈ ਵਰਤੀ ਜਾ ਰਹੀ ਹੈ। 


author

Tanu

Content Editor

Related News