ਕੋਵਿਡਸ਼ੀਲਡ ਟੀਕੇ ਨੇ ਕੋਵੈਕਸੀਨ ਦੀ ਤੁਲਨਾ ''ਚ ਜ਼ਿਆਦਾ ਚੰਗੀ ਇਮਿਊਨਿਟੀ ਕੀਤੀ ਪ੍ਰਦਾਨ
Saturday, Jan 07, 2023 - 05:34 PM (IST)
ਨਵੀਂ ਦਿੱਲੀ (ਭਾਸ਼ਾ)- ਵੱਖ-ਵੱਖ ਕੇਂਦਰਾਂ ਦੇ ਇਕ ਅਧਿਐਨ ਅਨੁਸਾਰ 'ਕੋਵੈਕਸੀਨ' ਟੀਕਾ ਲਗਾਉਣ ਵਾਲਿਆਂ ਦੀ ਤੁਲਨਾ 'ਚ 'ਕੋਵਿਡਸ਼ੀਲਡ' ਲੈਣ ਵਾਲੇ ਲੋਕਾਂ 'ਚ 'ਸਾਰਸ-ਕੋਵ-2' ਵਾਇਰਸ ਅਤੇ ਇਸ ਦੇ ਚਿੰਤਾਜਨਕ ਰੂਪਾਂ ਖ਼ਿਲਾਫ਼ ਚੰਗੀ ਇਮਿਊਨਿਟੀ ਪਾਈ ਗਈ। ਇਹ ਅਧਿਐਨ ਸ਼ੁੱਕਰਵਾਰ ਨੂੰ 'ਮੇਡਆਰਜਿਵ' ਸਰਵਰ 'ਤੇ ਪੋਸਟ ਕੀਤਾ ਗਿਆ ਹੈ। ਅਜੇ ਇਸ ਦੀ ਸਮੀਖਿਆ ਨਹੀਂ ਕੀਤੀ ਗਈ ਹੈ। ਅਧਿਐਨ 'ਚ ਇਹ ਵੀ ਪਤਾ ਲੱਗਾ ਹੈ ਕਿ ਦੋਹਾਂ ਟੀਕਿਆਂ ਨੇ ਸੇਰੋਨਿਗੇਟਿਵ ਅਤੇ ਸੇਰੋਪੋਸਿਟਿਵ ਵਿਅਕਤੀਆਂ ਜਾਂ ਫਿਰ ਕੋਰੋਨਾ ਤੋਂ ਠੀਕ ਹੋਣ ਵਾਲਿਆਂ 'ਚ ਮਹੱਤਵਪੂਰਨ ਐਂਟੀਬਾਡੀ ਪੱਧਰ ਪ੍ਰਾਪਤ ਕੀਤੇ।
ਜੂਨ 2021 ਤੋਂ ਜਨਵਰੀ 2022 ਦਰਮਿਆਨ, ਸੋਧਕਰਤਾਵਾਂ ਨੇ ਸ਼ਹਿਰੀ ਅਤੇ ਗ੍ਰਾਮੀਣ ਬੈਂਗਲੁਰੂ ਅਤੇ ਪੁਣੇ 'ਚ 4 ਥਾਂਵਾਂ 'ਤੇ 18-45 ਉਮਰ ਵਰਗ ਦੇ 691 ਭਾਗੀਦਾਰਾਂ 'ਤੇ ਇਹ ਅਧਿਐਨ ਕੀਤਾ। ਭਾਗੀਦਾਰਾਂ ਨੂੰ 28 ਦਿਨਾਂ ਦੇ ਅੰਤਰਾਲ 'ਤੇ ਜਾਂ ਤਾਂ ਕੋਵੈਕਸੀਨ ਦੀਆਂ 2 ਖੁਰਾਕਾਂ ਦਿੱਤੀਆਂ ਗਈਆਂ ਜਾਂ ਤਿੰਨ ਮਹੀਨੇ ਦੇ ਅੰਤਰਾਲ 'ਤੇ ਕੋਵਿਡਸ਼ੀਲਡ ਦੀਆਂ 2 ਖੁਰਾਕਾਂ ਦਿੱਤੀਆਂ ਗਈਆਂ। ਅਧਿਐਨ 'ਚ ਪਾਇਆ ਗਿਆ ਕਿ 'ਕੋਵੈਕਸੀਨ' ਟੀਕਾ ਲਗਾਉਣ ਵਾਲਿਆਂ ਦੀ ਤੁਲਨਾ 'ਚ 'ਕੋਵਿਡਸ਼ੀਲਡ' ਲੈਣ ਵਾਲੇ ਲੋਕਾਂ 'ਚ ਸਾਰਸ-ਕੋਵ-2 ਵਾਇਰਸ ਅਤੇ ਇਸ ਦੇ ਚਿੰਤਾਜਨਕ ਰੂਪਾਂ ਖ਼ਿਲਾਫ਼ ਜ਼ਿਆਦਾ ਬਿਹਤਰ ਇਮਿਊਨਿਟੀ ਪੈਦਾ ਹੋਈ।