ਦਿੱਲੀ ਪਹੁੰਚ ਰਹੀ ਹੈ ਕੋਰੋਨਾ ਟੀਕੇ ਦੀ ਪਹਿਲੀ ਖੇਪ, ਸ਼ੁਰੂ ਹੋਵੇਗਾ ਟੀਕਾਕਰਨ
Thursday, Jan 07, 2021 - 10:59 PM (IST)
ਨਵੀਂ ਦਿੱਲੀ- ਦੇਸ਼ ਭਰ ਵਿਚ ਕੋਰੋਨਾ ਟੀਕਾਕਰਨ ਲਈ ਸ਼ੁੱਕਰਵਾਰ ਨੂੰ ਦੂਜਾ ਡਰਾਈ ਰਨ ਕੀਤਾ ਜਾਣਾ ਹੈ। ਇਸ ਵਿਚਕਾਰ ਖ਼ਬਰ ਹੈ ਕਿ ਕੋਰੋਨਾ ਟੀਕੇ ਦੀ ਵੰਡ ਸ਼ੁਰੂ ਹੋ ਗਈ ਹੈ। ਸੀਰਮ ਇੰਸਟੀਚਿਊਟ ਦੇ ਕੋਰੋਨਾ ਟੀਕੇ 'ਕੋਵੀਸ਼ੀਲਡ' ਦੀ ਪਹਿਲੀ ਖੇਪ ਦਿੱਲੀ ਹਵਾਈ ਅੱਡੇ ਪਹੁੰਚਣ ਵਾਲੀ ਹੈ।
ਏਅਰ ਇੰਡੀਆ ਦੀ ਫਲਾਈਟ AI-850 ਵਿਚ ਪੁਣੇ ਤੋਂ ਦਿੱਲੀ ਕੋਵੀਸ਼ੀਲਡ ਦੀ ਪਹਿਲੀ ਖੇਪ ਪਹੁੰਚ ਰਹੀ ਹੈ। ਆਕਸਫੋਰਡ ਯੂਨੀਵਰਸਿਟੀ-ਐਸਟ੍ਰਾਜ਼ੈਨੇਕਾ ਵੱਲੋਂ ਵਿਕਸਤ ਕੀਤੇ ਗਏ ਇਸ ਟੀਕੇ ਨੂੰ ਭਾਰਤ ਵਿਚ ਸੀਰਮ ਇੰਸਟੀਚਿਊਟ ਤਿਆਰ ਕਰ ਰਿਹਾ ਹੈ। ਸੀਰਮ ਵਿਸ਼ਵ ਦਾ ਸਭ ਤੋਂ ਵੱਡਾ ਟੀਕਾ ਨਿਰਮਾਤਾ ਹੈ।
ਦਿੱਲੀ ਵਿਚ ਇਸ ਨੂੰ ਰਾਜੀਵ ਗਾਂਧੀ ਹਸਪਤਾਲ ਵਿਚ ਸਟੋਰ ਕੀਤਾ ਜਾਣਾ ਹੈ, ਜਿੱਥੇ ਕੋਲਡ ਸਟੋਰਜ ਦੀ ਵਿਵਸਥਾ ਸਥਾਪਤ ਕੀਤੀ ਗਈ ਹੈ। ਇਹ ਹਸਪਤਾਲ ਰਾਸ਼ਟਰੀ ਰਾਜਧਾਨੀ ਲਈ ਮੁੱਖ ਭੰਡਾਰਨ ਦੀ ਸਹੂਲਤ ਵਜੋਂ ਕੰਮ ਕਰੇਗਾ ਅਤੇ ਉੱਥੋਂ ਸ਼ਹਿਰ ਦੇ 600 ਤੋਂ ਵੱਧ ਕੋਲਡ ਚੇਨ ਪੁਆਇੰਟਾਂ ਨੂੰ ਸ਼ੀਸ਼ੀਆਂ ਨੂੰ ਭੇਜੇ ਜਾਵੇਗਾ। ਇਸ ਨੂੰ ਦਿੱਲੀ ਹਵਾਈ ਅੱਡੇ 'ਤੇ ਵੀ ਸਟੋਰ ਕੀਤੇ ਜਾਣ ਦੀ ਵਿਵਸਥਾ ਹੈ।
ਸ਼ੁੱਕਰਵਾਰ ਨੂੰ 33 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 736 ਜ਼ਿਲ੍ਹਿਆਂ ਵਿਚ ਡਰਾਈ ਰਨ ਹੋਵੇਗਾ। ਸਿਹਤ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੂਬਿਆਂ ਦੇ ਸਿਹਤ ਮੰਤਰੀਆਂ ਅਤੇ ਪ੍ਰਮੁੱਖ ਸਕੱਤਰਾਂ ਨਾਲ ਗੱਲਬਾਤ ਕੀਤੀ ਹੈ। ਇਸ ਡਰਾਈ ਰਨ ਦਾ ਮਕਸਦ ਟੀਕਾਕਰਨ ਲਈ ਪੂਰੀ ਤਿਆਰੀ ਮੁਕੰਮਲ ਕਰਨਾ ਹੈ, ਤਾਂ ਜੋ ਬੰਦੋਬਸਤ ਵਿਚ ਕਿਸੇ ਤਰ੍ਹਾਂ ਦੀ ਕਮੀ ਨਾ ਹੋਵੇ। ਦੱਸ ਦੇਈਏ ਕਿ ਦਿੱਲੀ ਹਵਾਈ ਅੱਡੇ ਦੇ ਠੰਡੇ ਚੈਂਬਰਾਂ ਵਿਚ ਘੱਟੋ-ਘੱਟ 27 ਲੱਖ ਸ਼ੀਸ਼ੀਆਂ ਰੱਖਣ ਦੀ ਸਮਰੱਥਾ ਹੈ ਅਤੇ ਪ੍ਰਤੀ ਦਿਨ 80 ਲੱਖ ਸ਼ੀਸ਼ੀਆਂ ਨੂੰ ਟ੍ਰਾਂਸਪੋਰਟ ਕੀਤਾ ਜਾ ਸਕਦਾ ਹੈ। 72 ਘੰਟਿਆਂ ਵਿਚ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਟੀਕੇ ਪਹੁੰਚ ਸਕਦੇ ਹਨ ਅਤੇ 13 ਜਨਵਰੀ ਤੋਂ ਟੀਕਾਕਰਨ ਸ਼ੁਰੂ ਹੋ ਸਕਦਾ ਹੈ।