ਯਕੀਨ ਨਾਲ ਨਹੀਂ ਕਹਿ ਸਕਦੇ ਕਿ ਕਦੋਂ ਘੱਟ ਹੋਵੇਗਾ ਦੂਜੀ ਲਹਿਰ ਦਾ ਅਸਰ

Tuesday, Apr 27, 2021 - 10:29 AM (IST)

ਯਕੀਨ ਨਾਲ ਨਹੀਂ ਕਹਿ ਸਕਦੇ ਕਿ ਕਦੋਂ ਘੱਟ ਹੋਵੇਗਾ ਦੂਜੀ ਲਹਿਰ ਦਾ ਅਸਰ

ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਹੋ ਸਕਦਾ ਹੈ ਮਈ ਦੇ ਅੰਤ ਤਕ ਬਣੀ ਰਹੇ ਪਰ ਅਗਲੇ 3 ਹਫਤਿਆਂ ਵਿਚ ਇਹ ਲਗਾਤਾਰ ਹਰ ਉਚਾਈ ਵੱਲ ਵਧੇਗੀ। 15 ਫਰਵਰੀ ਤੋਂ ਸ਼ੁਰੂ ਹੋਈ ਦੂਜੀ ਲਹਿਰ ਨੂੰ ਪੂਰਾ ਜ਼ੋਰ ਵਿਖਾ ਕੇ ਮੱਠੀ ਪੈਣ ’ਚ 100 ਦਿਨ ਲੱਗ ਸਕਦੇ ਹਨ। ਅਜਿਹੀ ਪਹਿਲੀ ਰਿਪੋਰਟ ਦੇਸ਼ ਦੇ ਸਭ ਤੋਂ ਵੱਡੇ ਜਨਤਕ ਬੈਂਕ ਸਟੇਟ ਬੈਂਕ ਦੀ ਆਰਥਿਕ ਖੋਜ ਸ਼ਾਖਾ ਵਲੋਂ ਪੇਸ਼ ਕੀਤੀ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਮਾਰਚ ’ਚ ਦੂਜੀ ਲਹਿਰ ਪਹਿਲੀ ਲਹਿਰ ਦੇ ਮੁਕਾਬਲੇ ਵਧੇਰੇ ਘਾਤਕ ਹੋਵੇਗੀ।

ਰਿਪੋਰਟ ਵਿਚ ਕਿਹਾ ਗਿਆ ਸੀ ਕਿ ਕੋਰੋਨਾ ਟੀਕੇ ਦੀ ਮੌਜੂਦਗੀ ਕਾਰਨ ਇਸ ਵਾਰ ਸਥਿਤੀ ਕੁਝ ਵੱਖਰੀ ਹੋਵੇਗੀ। ਲਗਭਗ 14 ਕਰੋੜ ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਰਿਪੋਰਟ ਮੁਤਾਬਕ ਰਾਜਸਥਾਨ, ਗੁਜਰਾਤ, ਕੇਰਲ, ਉੱਤਰਾਖੰਡ ਤੇ ਹਰਿਆਣਾ ਨੇ 60 ਸਾਲ ਤੋਂ ਉੱਪਰ ਦੀ ਆਪਣੀ 30 ਫੀਸਦੀ ਬਜ਼ੁਰਗ ਆਬਾਦੀ ਨੂੰ ਟੀਕਾ ਲਾ ਦਿੱਤਾ ਹੈ। ਪੰਜਾਬ, ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿਚ ਬਜ਼ੁਰਗਾਂ ਦਾ ਘੱਟ ਟੀਕਾਕਰਨ ਕੀਤਾ ਗਿਆ ਹੈ।

ਇਕ ਹੋਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਵਿਚ ਕੋਰੋਨਾ ਇਨਫੈਕਸ਼ਨ ਦੇ ਫੈਲਾਅ ਦੇ ਮੁਕਾਬਲੇ ’ਚ ਵਧੇਰੇ ਤੇਜ਼ੀ ਨਾਲ ਟੀਕਾਕਰਨ ਕੀਤਾ ਗਿਆ ਹੈ। ਪਿਛਲੇ ਇਕ ਸਾਲ ਵਿਚ ਕੁਲ ਕੋਰੋਨਾ ਮਾਮਲੇ 1 ਕਰੋੜ 17 ਲੱਖ ਹੋ ਗਏ ਪਰ 15 ਜਨਵਰੀ ਤੋਂ 25 ਅਪ੍ਰੈਲ ਤਕ ਇਨਫੈਕਸ਼ਨ ਦੇ ਮਾਮਲੇ 45 ਲੱਖ ਤੋਂ ਵੀ ਵਧ ਗਏ। ਅਗਲੇ ਇਕ ਮਹੀਨੇ ’ਚ ਭਾਰਤ ਵਿਚ 55 ਤੋਂ 65 ਲੱਖ ਮਾਮਲੇ ਆ ਸਕਦੇ ਹਨ ਕਿਉਂਕਿ ਇਸ ਸਮੇਂ ਰੋਜ਼ਾਨਾ 3 ਲੱਖ ਤੋਂ ਵੱਧ ਨਵੇਂ ਮਾਮਲੇ ਆ ਰਹੇ ਹਨ।
ਇਸ ਦਾ ਸਿੱਧਾ ਅਰਥ ਇਹ ਹੋਇਆ ਕਿ ਜੇ ਪਿਛਲੇ ਸਾਲ ਭਾਰਤ ਵਿਚ 17 ਲੱਖ ਮਾਮਲੇ ਆਏ ਸਨ ਤਾਂ ਇਸ ਸਾਲ 100 ਲੱਖ ਮਾਮਲੇ ਉਸ ਮਿਆਦ ਤੋਂ ਘੱਟ ਸਮੇਂ ’ਚ ਆ ਸਕਦੇ ਹਨ। ਹੌਸਲੇ ਵਾਲੀ ਗੱਲ ਇਹ ਹੈ ਕਿ ਇਹ ਮਾਮਲੇ ਓਨੇ ਘਾਤਕ ਨਹੀਂ ਹੋਣਗੇ ਜਿੰਨੇ ਅੱਜ ਹਨ। ਫਿਰ ਵੀ ਹਾਲਾਤ ਡਰਾਉਣੇ ਹਨ।

ਅਮਰੀਕਾ ਵਿਚ ਰਹਿ ਰਹੀ ਐਪੀਡਿਮਿਓਲਾਜਿਸਟ ਡਾ. ਭ੍ਰਮਰ ਮੁਖਰਜੀ ਦਾ ਕਹਿਣਾ ਹੈ ਕਿ ਜੇ ਕੋਰੋਨਾ ਕਮਜ਼ੋਰ ਪੈ ਵੀ ਜਾਾਵੇ ਤਾਂ ਵੀ ਅਗਲੇ 70 ਤੋਂ 100 ਦਿਨ ਭਾਰਤ ਲਈ ਬਹੁਤ ਔਖੇ ਹੋਣਗੇ। ਉਨ੍ਹਾਂ ਕਿਹਾ ਕਿ ਪੂਰੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਭਾਰਤ ’ਚ ਕੋਰੋਨਾ ਦਾ ਅਸਰ ਕਦੋਂ ਘੱਟ ਹੋਵੇਗਾ। ਬਰਤਾਨੀਆ ਤੇ ਅਮਰੀਕਾ ’ਚ ਵੀ ਦੂਜੀ ਲਹਿਰ ਆਈ ਸੀ ਪਰ ਉਨ੍ਹਾਂ ਦੇਸ਼ਾਂ ਨੇ ਆਪਣੇ ਸੁਰੱਖਿਆ ਪ੍ਰਬੰਧ ਘੱਟ ਨਹੀਂ ਕੀਤੇ ਅਤੇ ਦੁਨੀਆ ਵਿਚ ਵੱਧ ਟੀਕਾਕਰਨ ਕੀਤਾ। ਭਾਰਤ ਲਈ ਇਹ ਚੁਣੌਤੀ ਹੈ ਕਿ ਉਹ ਆਪਣੇ ਨਾਗਰਿਕਾਂ ਦਾ ਕਿੰਨੀ ਤੇਜ਼ੀ ਨਾਲ ਟੀਕਾਕਰਨ ਕਰ ਸਕਦਾ ਹੈ।


author

Tanu

Content Editor

Related News