ਭਾਰਤ ’ਚ ਫਿਰ ਵਧੇ ਕੋਰੋਨਾ ਮਾਮਲੇ; ਪਿਛਲੇ 24 ਘੰਟਿਆਂ ’ਚ 50 ਹਜ਼ਾਰ ਤੋਂ ਪਾਰ ਨਵੇਂ ਮਾਮਲੇ
Sunday, Jun 27, 2021 - 10:57 AM (IST)
ਨਵੀਂ ਦਿੱਲੀ (ਭਾਸ਼ਾ)— ਭਾਰਤ ਵਿਚ ਕੋਵਿਡ-19 ਦੇ ਇਕ ਦਿਨ ’ਚ 50,040 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3,02,33,183 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਸ ਵਾਇਰਸ ਨਾਲ ਇਕ ਦਿਨ ’ਚ 1,258 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਿ੍ਰਤਕਾਂ ਦਾ ਅੰਕੜਾ ਵੱਧ ਕੇ 3,95,751 ਹੋ ਗਿਆ ਹੈ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਹੋਰ ਘੱਟ ਹੋ ਕੇ 5,86,403 ਹੋ ਗਈ ਹੈ, ਜੋ ਕਿ ਵਾਇਰਸ ਦੇ ਕੁੱਲ ਮਾਮਲਿਆਂ ਦਾ 1.94 ਫ਼ੀਸਦੀ ਹੈ।
ਇਸ ਬੀਮਾਰੀ ਤੋਂ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2,92,51,029 ਹੋ ਗਈ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਨਾਲ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਰਾਸ਼ਟਰੀ ਦਰ ਸੁਧਰ ਕੇ 96.75 ਫ਼ੀਸਦੀ ਹੋ ਗਈ ਹੈ। ਜੇਕਰ ਗੱਲ ਕੀਤੀ ਜਾਵੇ ਕੋਰੋਨਾ ਟੀਕਾਕਰਨ ਦੀ ਤਾਂ ਅੰਕੜਿਆਂ ਮੁਤਾਬਕ ਭਾਰਤ ’ਚ ਇਕ ਦਿਨ ’ਚ 64.25 ਲੱਖ ਕੋਵਿਡ-19 ਟੀਕੇ ਲੱਗਣ ਨਾਲ ਹੁਣ ਤੱਕ ਦੇਸ਼ ਵਿਆਪੀ ਮੁਹਿੰਮ ਤਹਿਤ ਦਿੱਤੀ ਗਈ ਟੀਕਿਆਂ ਦੀ ਖ਼ੁਰਾਕ 32.17 ਕਰੋੜ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ’ਚ ਹੁਣ ਤੱਕ ਜਾਂਚ ਕੀਤੇ ਗਏ ਕੁੱਲ ਨਮੂਨਿਆਂ ਦੀ ਗਿਣਤੀ ਵੱਧ ਕੇ 40,18,11,892 ਹੋ ਗਈ ਹੈ। ਇਕ ਦਿਨ ਯਾਨੀ ਕਿ ਕੱਲ੍ਹ 17,45,809 ਨਮੂਨਿਆਂ ਦੀ ਜਾਂਚ ਕੀਤੀ ਗਈ।