ਭਾਰਤ ''ਚ ਇਕ ਤੋਂ ਵਧੇਰੇ ਕੋਰੋਨਾ ਵੈਕਸੀਨ ਹੋਵੇਗੀ ਇਸਤੇਮਾਲ, ਸਿਹਤ ਮੰਤਰੀ ਨੇ ਦਿੱਤਾ ਬਿਆਨ

Monday, Oct 12, 2020 - 02:33 PM (IST)

ਨਵੀਂ ਦਿੱਲੀ— ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਸਰਕਾਰ ਨੇ ਭਾਰਤ ਵਿਚ ਕੋਵਿਡ-19 ਟੀਕੇ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ 'ਤੇ ਫਿਲਹਾਲ ਕੋਈ ਫ਼ੈਸਲਾ ਨਹੀਂ ਕੀਤਾ। ਹਰਸ਼ਵਰਧਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਯਾਨੀ ਕਿ ਹਰ ਕਿਸੇ ਦਾ ਟੀਕਾਕਰਣ ਲਈ ਇਕ ਤੋਂ ਵਧੇਰੇ ਵੈਕਸੀਨ ਨਿਰਮਾਤਾਵਾਂ ਨਾਲ ਗਠਜੋੜ  ਕਰਨਾ ਹੋਵੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਵੀ ਯਕੀਨੀ ਕਰਨ ਦੀ ਲੋੜ ਹੈ ਕਿ ਸਭ ਤੋਂ ਕਮਜ਼ੋਰ ਵਰਗ ਨੂੰ ਸਭ ਤੋਂ ਪਹਿਲਾਂ ਇਹ ਟੀਕਾ ਮਿਲੇ। ਡਾ. ਹਰਸ਼ਵਰਧਨ ਨੇ ਕਿਹਾ ਕਿ ਭਾਰਤ ਦੀ ਆਬਾਦੀ ਨੂੰ ਵੇਖਦਿਆਂ ਸਿਰਫ ਇਕ ਟੀਕਾ ਜਾਂ ਵੈਕਸੀਨ ਨਿਰਮਾਤਾ 'ਤੇ ਨਿਰਭਰ ਨਹੀਂ ਰਿਹਾ ਜਾ ਸਕਦਾ, ਇਸ ਲਈ ਇਕ ਤੋਂ ਵਧੇਰੇ ਵੈਕਸੀਨ ਨਿਰਮਾਤਾਵਾਂ ਨਾਲ ਗਠਜੋੜ ਜ਼ਰੂਰੀ ਹੈ। 

ਹਰਸ਼ਵਰਧਨ ਨੇ ਕਿਹਾ ਸੀ ਕਿ ਕੋਰੋਨਾ ਟੀਕਾ 2021 ਦੀ ਪਹਿਲੀ ਤਿਮਾਹੀ ਵਿਚ ਉਪਲੱਬਧ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਕੋਵਿਡ-19 ਟੀਕਾ ਲਾਉਣ ਲਈ ਸਮੂਹਾਂ ਨੂੰ ਤਰਜੀਹ ਦੋ ਮੁੱਖ ਗੱਲਾਂ 'ਤੇ ਨਿਰਭਰ ਕਰੇਗੀ- ਪੇਸ਼ੇਵਰ ਖ਼ਤਰਾ ਅਤੇ ਲਾਗ ਦਾ ਜ਼ੋਖਮ। ਇਨ੍ਹਾਂ ਮੁੱਦਿਆਂ 'ਤੇ ਸਰਕਾਰ ਕੋਰੋਨਾ ਟੀਕਾ ਲਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਸਿਹਤ ਮੰਤਰੀ ਨੇ ਕਿਹਾ ਕਿ ਸ਼ੁਰੂਆਤ 'ਚ ਟੀਕੇ ਦੀ ਸਪਲਾਈ ਸੀਮਤ ਮਾਤਰਾ ਵਿਚ ਉਪਲੱਬਧ ਹੋਵੇਗੀ। 

ਭਾਰਤ ਵਰਗੇ ਵੱਡੇ ਦੇਸ਼ ਵਿਚ ਟੀਕੇ ਦੀ ਸਪਲਾਈ ਨੂੰ ਤਰਜੀਹ ਦੇਣਾ ਕਈ ਕਾਰਕਾਂ 'ਤੇ ਨਿਰਭਰ ਕਰਦਾ ਹੈ, ਜਿਵੇਂ ਲਾਗ ਦਾ ਖ਼ਤਰਾ, ਵੱਖ-ਵੱਖ ਆਬਾਦੀ ਸਮੂਹ ਦਰਮਿਆਨ ਹੋਰ ਰੋਗਾਂ ਦਾ ਪ੍ਰਸਾਰ, ਕੋਵਿਡ-19 ਮਾਮਲਿਆਂ ਦਰਮਿਆਨ ਮੌਤ ਦਰ ਅਤੇ ਕਈ ਹੋਰ ਕਾਰਨ। ਉਨ੍ਹਾਂ ਦੱਸਿਆ ਕਿ ਭਾਰਤ ਵੱਖ-ਵੱਖ ਤਰ੍ਹਾਂ ਦੇ ਟੀਕਿਆਂ ਦੀ ਉਪਲੱਬਧਤਾ 'ਤੇ ਗੌਰ ਕਰ ਰਿਹਾ ਹੈ, ਜਿਨ੍ਹਾਂ 'ਚੋਂ ਕੁਝ ਖ਼ਾਸ ਉਮਰ ਸਮੂਹ ਲਈ ਉਪਯੁਕਤ ਹੋ ਸਕਦੇ ਹਨ, ਜਦਕਿ ਹੋਰ ਉਸ ਉਮਰ ਵਰਗ ਲਈ ਉਪਯੁਕਤ ਨਹੀਂ ਹੋ ਸਕਦੇ ਹਨ।


Tanu

Content Editor

Related News