ਦੇਸ਼ ’ਚ ਲਗਾਤਾਰ ਵੱਧ ਰਹੇ ਨੇ ‘ਕੋਰੋਨਾ’ ਮਰੀਜ਼, ਹੁਣ ਤੱਕ 934 ਲੋਕਾਂ ਦੀ ਮੌਤ
Tuesday, Apr 28, 2020 - 10:44 AM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦਾ ਅਸਰ ਦੇਸ਼ ’ਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਮੰਗਲਵਾਰ ਯਾਨੀ ਕਿ ਅੱਜ ਸਵੇਰੇ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 29 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਜਦਕਿ ਹੁਣ ਤਕ ਦੇਸ਼ ’ਚ ਇਸ ਮਹਾਮਾਰੀ ਨਾਲ 934 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਮੰਗਲਵਾਰ ਦੀ ਸਵੇਰ ਨੂੰ ਕੇਂਦਰੀ ਸਿਹਤ ਮੰਤਰਾਲਾ ਵਲੋਂ ਨਵੇਂ ਅੰਕੜੇ ਜਾਰੀ ਕੀਤੇ ਗਏ ਹਨ, ਜਿਸ ਮੁਤਾਬਕ ਦੇਸ਼ ’ਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 29 ਹਜ਼ਾਰ 435 ਹੈ, ਜਦਕਿ ਹੁਣ ਤਕ 934 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ’ਚ 1543 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 62 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਇਕ ਦਿਨ ’ਚ ਆਇਆ ਹੁਣ ਤਕ ਦਾ ਸਭ ਤੋਂ ਵੱਧ ਅੰਕੜਾ ਹੈ।
ਰਾਹਤ ਦੀ ਗੱਲ ਇਹ ਹੈ ਕਿ ਦੇਸ਼ ’ਚ ਹੁਣ ਤੱਕ 6868 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਕੇ ਠੀਕ ਹੋ ਚੁੱਕ ਹੋ ਚੁੱਕੇ ਹਨ। ਦੇਸ਼ ’ਚ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਕੋਰੋਨਾ ਦਾ ਕਹਿਰ ਸਭ ਤੋਂ ਵਧੇਰੇ ਮਹਾਰਾਸ਼ਟਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿਚ ਹੁਣ ਤਕ ਕੋਰੋਨਾ ਦੇ ਕੁੱਲ 8590 ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ 369 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਤੋਂ ਬਾਅਦ ਗੁਜਰਾਤ ਅਤੇ ਦਿੱਲੀ ’ਚ ਸਭ ਤੋਂ ਵੱਧ ਮਾਮਲੇ ਹਨ, ਜਿੱਥੇ ਕੁੱਲ ਕੇਸਾਂ ਦੀ ਗਿਣਤੀ 3 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ। ਦੱਸ ਦੇਈਏ ਕਿ ਦੇਸ਼ ਵਿਚ ਹੁਣ ਤੱਕ 6 ਲੱਖ ਤੋਂ ਵਧੇਰੇ ਕੋਰੋਨਾ ਵਾਇਰਸ ਦੇ ਟੈਸਟ ਹੋ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲਾਕਡਾਊਨ ਲਾਗੂ ਹੈ ਅਤੇ ਇਹ ਲਾਕਡਾਊਨ 3 ਮਈ ਨੂੰ ਖਤਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇਸ ਮੁੱਦੇ ’ਤੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ ਸੀ, ਜਿਸ ’ਚ 3 ਮਈ ਤੋਂ ਬਾਅਦ ਦੀ ਰਣਨੀਤੀ ’ਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਦੀ ਬੈਠਕ ਨਾਲ ਇਸ ਤਰ੍ਹਾਂ ਦੇ ਸੰਕੇਤ ਸਾਹਮਣੇ ਆਏ ਹਨ ਕਿ ਦੇਸ਼ ’ਚ 3 ਮਈ ਤੋਂ ਬਾਅਦ ਲਾਕਡਾਊਨ ਉਨ੍ਹਾਂ ਇਲਾਕਿਆਂ ਵਿਚ ਜਾਰੀ ਰਹਿ ਸਕਦਾ ਹੈ, ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਹਨ।