ਡਾਕਟਰਾਂ ਸਮੇਤ ਕਈ ਧਿਰਾਂ ਨੇ PM ਮੋਦੀ ਨੂੰ ਸ਼ਾਕਾਹਾਰੀ ਭੋਜਨ ਦੇ ਪ੍ਰਚਾਰ ਦੀ ਕੀਤੀ ਅਪੀਲ
Thursday, Jun 25, 2020 - 06:24 PM (IST)

ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਅਤੇ ਵਾਤਾਵਰਣ ਤੇ ਜਨ ਸਿਹਤ ਦੇ ਪ੍ਰਤੀ ਵਧਦੀ ਚਿੰਤਾ ਦਰਮਿਆਨ ਕੁਝ ਡਾਕਟਰਾਂ, ਵਰਕਰਾਂ ਅਤੇ ਪਸ਼ੂ ਕਲਿਆਣ ਸਮੂਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਾਕਾਹਾਰੀ ਭੋਜਨ ਵਿਕਲਪਾਂ ਨੂੰ ਉਤਸ਼ਾਹ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮਾਸ, ਆਂਡਾ ਅਤੇ ਡੇਅਰੀ ਉਤਪਾਦਾਂ ਦਾ ਨਿਯਮਨ ਕਰਨ ਨੂੰ ਵੀ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਨੂੰ ਲਿਖੀ ਇਕ ਚਿੱਠੀ 'ਚ ਕੁਝ ਡਾਕਟਰਾਂ ਨਾਲ ਵਰਕਰਾਂ ਨੇ ਜ਼ਿਕਰ ਕੀਤਾ ਹੈ ਕਿ ਚੀਨ ਦੇ ਵੁਹਾਨ 'ਚ ਜੀਵ-ਜੰਤੂਆਂ ਦੇ ਮਾਸ ਦੇ ਬਾਜ਼ਾਰ ਤੋਂ ਕੋਰੋਨਾ ਵਾਇਰਸ ਫੈਲਿਆ, ਇਸ ਲਈ ਭਾਰਤ 'ਚ ਵੀ ਮਾਸ ਉਤਪਾਦਨ ਕੇਂਦਰਾਂ ਅਤੇ ਬਜ਼ਾਰਾਂ ਤੋਂ ਅਜਿਹਾ ਖਤਰਾ ਹੋ ਸਕਦਾ ਹੈ। ਪਸ਼ੂ ਕਲਿਆਣ ਸੰਗਠਨ ਪੀਪਲ ਫਾਰ ਐਨੀਮਲਜ਼ (ਪੀ.ਐੱਫ.ਏ.), ਅਹਿੰਸਾ ਟਰੱਸਟ ਅਤੇ ਮਰਸੀ ਫਾਰ ਐਨੀਮਲਜ਼ (ਐੱਮ.ਐੱਫ.ਏ.) ਨੇ ਡਾਕਟਰਾਂ ਦੀ ਅਪੀਲ ਦਾ ਸਮਰਥਨ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਕਿਹਾ ਗਿਆ ਹੈ ਕਿ 'ਈਟ ਲਾਂਸੇਟ', ਵਿਸ਼ਵ ਆਰਥਿਕ ਮੰਚ, ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਸੰਗਠਨ ਸਮੇਤ ਹੋਰ ਗਲੋਬਲ ਬਾਡੀਆਂ ਦੇ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਮਾਸਾਹਾਰੀ ਭੋਜਨ ਦੇ ਉਤਪਾਦਨ ਅਤੇ ਖਪਤ 'ਚ ਵਾਧੇ ਨਾਲ ਜਨ ਸਿਹਤ ਅਤੇ ਵਾਤਾਵਰਣ 'ਤੇ ਡੂੰਘਾ ਅਸਰ ਪੈ ਰਿਹਾ ਹੈ।
ਪੀ.ਐੱਫ.ਏ. ਦੀ ਪਸ਼ੂ ਕਲਿਆਣ ਵਰਕਰ ਗੌਰੀ ਮੌਲੇਖੀ ਨੇ ਕਿਹਾ,''ਕਿਉਂਕਿ ਵੁਹਾਨ 'ਚ ਮਾਸ ਦੇ ਬਾਜ਼ਾਰ ਤੋਂ ਕੋਵਿਡ-19 ਦਾ ਪਤਾ ਲੱਗਿਆ, ਇਸ ਲਈ ਭਾਰਤ 'ਚ ਵੀ ਮਾਸ ਉਤਪਾਦਨ ਕੇਂਦਰਾਂ ਅਤੇ ਬਜ਼ਾਰਾਂ 'ਚ ਇਸੇ ਤਰ੍ਹਾਂ ਦੀ ਸਥਿਤੀ ਹੋ ਸਕਦੀ ਹੈ।'' ਕਈ ਨਾਮੀ ਮੈਡੀਕਲ ਪੇਸ਼ੇਵਰਾਂ ਨੇ ਵੀ ਐਡਵਾਇਜ਼ਰੀ ਜਾਰੀ ਕਰ ਕੇ ਕਿਹਾ ਹੈ ਕਿ ਮਾਸ, ਆਂਡਾ ਅਤੇ ਡੇਅਰੀ ਉਤਪਾਦਾਂ ਦੀ ਖਪਤ ਦੀ ਤੁਲਨਾ 'ਚ ਸ਼ਾਕਾਹਾਰੀ ਭੋਜਨ ਜ਼ਿਆਦਾ ਸੁਰੱਖਿਅਤ ਹਨ। ਟਾਟਾ ਮੈਮੋਰੀਅਲ ਹਸਪਤਾਲ ਦੇ ਡਾ. ਪੰਕਜ ਚਤੁਰਵੇਦੀ ਨੇ ਕਿਹਾ,''ਅਧਿਐਨ ਤੋਂ ਅਜਿਹੇ ਕਈ ਨਤੀਜੇ ਮਿਲੇ ਹਨ ਕਿ ਵੱਖ-ਵੱਖ ਕਿਸਮ ਦੇ ਮਾਸ ਦੇ ਸੇਵਨ ਨਾਲ ਟਾਈਪ-2 ਸ਼ੂਗਰ, ਦਿਲ ਦੇ ਰੋਗ, ਦਿਲ ਸੰਬੰਧੀ ਕਈ ਬੀਮਾਰੀਆਂ ਹੋਣ ਦਾ ਖਦਸ਼ਾ ਵਧ ਜਾਂਦਾ ਹੈ।'' ਉਨ੍ਹਾਂ ਨੇ ਕਿਹਾ ਕਿ ਮਾਸ ਦੀ ਖਪਤ ਵਧਣ ਨਾਲ ਪਾਣੀ ਦੀ ਵਰਤੋਂ ਵੀ ਵਧਦੀ ਹੈ। ਜੰਗਲਾਂ ਦੀ ਕੱਟਾਈ ਹੁੰਦੀ ਹੈ, ਪਾਣੀ ਪ੍ਰਦੂਸ਼ਿਤ ਹੁੰਦਾ ਹੈ ਅਤੇ ਗਰੀਨ ਹਾਊਸ ਗੈਸਾਂ ਨਿਕਲਦੀਆਂ ਹਨ। ਕੁੱਲ ਮਿਲਾ ਕੇ ਇਸ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ।