ਕੋਵਿਡ-19 : ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਭਰ ਰਿਹੈ ਲੋੜਵੰਦਾਂ ਦਾ ਢਿੱਡ
Sunday, Jul 19, 2020 - 08:21 PM (IST)
ਕਲਕੱਤਾ- ਮਾਰਕਸਵਾਦੀ ਕਮਿਊਨਿਸਟ ਪਾਰਟੀ (ਮੱਕਪਾ) ਦੇ ਵਿਦਿਆਰਥੀ ਸੰਗਠਨ ਵਲੋਂ ਪਿਛਲੇ 109 ਦਿਨਾਂ ਤੋਂ ਇਕ ਸਮੂਹਿਕ ਰਸੋਈ ਚਲਾਈ ਜਾ ਰਹੀ ਹੈ, ਜਿਸ ਨਾਲ ਸ਼ਹਿਰ ਦੇ ਯਾਦਵਪੁਰ ਟੋਲੀਗੰਜ ਖੇਤਰ ਵਿਚ 500 ਲੋਕਾਂ ਤੋਂ ਜ਼ਿਆਦਾ ਗਰੀਬ ਲੋਕਾਂ ਨੂੰ ਭੋਜਨ ਮਿਲ ਰਿਹਾ ਹੈ।
ਤਾਲਾਬੰਦੀ ਤੋਂ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ, ਵਿਦਿਆਰਥੀਆਂ ਨੇ ਇਸ ਪਹਿਲਕਦਮੀ ਲਈ ਇੱਕ ਫੰਡ ਬਣਾਇਆ ਹੈ ਜਿਸ ਵਿੱਚ ਪਾਰਟੀ ਤੋਂ ਬਾਹਰਲੇ ਲੋਕਾਂ ਨੇ ਵੀ ਦਾਨ ਦਿੱਤਾ ਹੈ। ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸ. ਐੱਫ. ਆਈ.) ਦੇ ਇਕ ਨੇਤਾ ਨੇ ਐਤਵਾਰ ਨੂੰ ਦੱਸਿਆ ਕਿ ਯਾਦਵਪੁਰ ਖੇਤਰ ਵਿਚ ਲਗਭਗ 450 ਲੋਕਾਂ ਨੂੰ ਭੋਜਨ ਦੇ ਪੈਕਟ ਦਿੱਤੇ ਜਾ ਰਹੇ ਹਨ ਜਿਸ ਵਿਚ ਚੌਲ, ਸੋਇਆਬੀਨ ਅਤੇ ਆਂਡੇ ਆਦਿ ਦਿੱਤੇ ਜਾ ਰਹੇ ਹਨ ।
ਉਨ੍ਹਾਂ ਕਿਹਾ ਕਿ ਆਰਥਿਕ ਗਤੀਵਿਧੀਆਂ ਸ਼ੁਰੂ ਹੋਣ ਤੋਂ ਬਾਅਦ ਲੋਕ ਪੈਕੇਟ ਮੁਫਤ ਵਿਚ ਨਹੀਂ ਲੈ ਰਹੇ, ਇਸ ਲਈ ਇਕ ਪੈਕੇਟ ਦੀ ਕੀਮਤ 20 ਰੁਪਏ ਰੱਖੀ ਗਈ ਹੈ। ਆਗੂ ਨੇ ਕਿਹਾ ਕਿ 70 ਹੋਰ ਲੋਕਾਂ ਨੂੰ ਮੁਫਤ ਭੋਜਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, "ਸਾਨੂੰ ਪੇਸ਼ੇਵਰ ਲੋਕਾਂ, ਕਾਰੋਬਾਰੀ ਵਰਗ ਅਤੇ ਵਿਦਿਆਰਥੀਆਂ ਦਾ ਭਾਰੀ ਸਮਰਥਨ ਮਿਲਿਆ ਹੈ। ਫਿਲਮ ਨਿਰਮਾਤਾ ਕਮਲੇਸ਼ਵਰ ਮੁਖੋਪਾਧਿਆਏ, ਨਿਰਦੇਸ਼ਕ ਅਨਿਕ ਦੱਤਾ, ਸੰਗੀਤਕਾਰ ਦੇਵਜਯੋਤੀ ਮਿਸ਼ਰਾ ਅਤੇ ਅਭਿਨੇਤਾ ਸਬਯਾਸਚੀ ਚੱਕਰਵਰਤੀ ਵਰਗੀਆਂ ਮਸ਼ਹੂਰ ਹਸਤੀਆਂ ਅੱਗੇ ਆ ਕੇ ਸਾਡੀ ਮਦਦ ਕਰ ਰਹੀਆਂ ਹਨ। ਇੱਥੇ ਸੈਂਕੜੇ ਹੋਰ ਲੋਕ ਵੀ ਹਨ ਜੋ ਵੱਧ ਤੋਂ ਵੱਧ ਦਾਨ ਕਰ ਰਹੇ ਹਨ। ਅਸੀਂ ਆਪਣਾ ਇਕ ਫੰਡ ਬਣਾਇਆ ਹੈ ਪਰ ਅਸੀਂ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਤੋਂ ਦਾਨ ਲੈ ਰਹੇ ਹਾਂ।"