ਕੋੋਰੋਨਾ ਦੀ ਤੀਜੀ ਲਹਿਰ ਦੀ ਆਹਟ: ਕੇਰਲ ’ਚ ਇਨ੍ਹਾਂ ਤਾਰੀਖਾਂ ਨੂੰ ਲੱਗੇਗੀ ਪੂਰਨ ਤਾਲਾਬੰਦੀ
Thursday, Jul 29, 2021 - 01:17 PM (IST)
ਕੇਰਲ— ਕੇਰਲ ’ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਸੂਬੇ ’ਚ 31 ਜੁਲਾਈ ਤੋਂ 1 ਅਗਸਤ ਤੱਕ ਪੂਰਨ ਤਾਲਾਬੰਦੀ ਲਾਈ ਜਾਵੇਗੀ। ਹਾਲਾਂਕਿ ਇਹ ਤਾਲਾਬੰਦੀ ਦੋ ਦਿਨ ਦੀ ਹੋਵੇਗੀ। ਰਾਸ਼ਟਰੀ ਰੋਗ ਕੰਟਰੋਲ ਕੇਂਦਰ ਦੇ ਡਾਇਰੈਕਟਰ ਦੀ ਪ੍ਰਧਾਨਗੀ ਵਿਚ 6 ਮੈਂਬਰੀ ਟੀਮ ਕੇਰਲ ਭੇਜ ਰਹੀ ਹੈ। ਓਧਰ ਕੇਰਲ ਸਰਕਾਰ ਨੇ ਇਕ ਬਿਆਨ ’ਚ ਕਿਹਾ ਕਿ ਸੂਬੇ ਵਿਚ ਵਧਦੇ ਕੋਰੋਨਾ ਦੇ ਮਾਮਲਿਆਂ ਦੇ ਚੱਲਦੇ 31 ਜੁਲਾਈ ਅਤੇ 1 ਅਗਸਤ ਨੂੰ ਪੂਰਨ ਤੌਰ ’ਤੇ ਤਾਲਾਬੰਦੀ ਲਾਈ ਜਾਵੇਗੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਸਰਕਾਰ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਦੇ ਡਾਇਰੈਕਟਰ ਦੀ ਪ੍ਰਧਾਨਗੀ ’ਚ 6 ਮੈਂਬਰੀ ਟੀਮ ਕੇਰਲ ਭੇਜ ਰਹੀ ਹੈ। ਟੀਮ ਕੋਵਿਡ ਪ੍ਰਬੰਧਨ ’ਚ ਸੂਬੇ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ’ਚ ਮਦਦ ਕਰੇਗੀ।
ਦੱਸ ਦੇਈਏ ਕਿ ਕੇਰਲ ’ਚ ਬੁੱਧਵਾਰ ਨੂੰ ਕੋਰੋਨਾ ਦੇ 22,056 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 33,27,301 ਹੋ ਗਈ ਹੈ, ਜਦਕਿ 131 ਹੋਰ ਲੋਕਾਂ ਦੀ ਮੌਤ ਹੋਣ ਨਾਲ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16,457 ਹੋ ਗਈ ਹੈ। ਕੇਰਲ ’ਚ ਕੋਰਨਾ ਨਾਲ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਮਲਾਪੁਰਮ, ਕੋਝੀਕੋਡ, ਕੋਲਮ, ਏਰਨਾਕੁਲਮ, ਕੰਨੂਰ, ਅਲਾਪੂਝਾ, ਤਿਰੂਵਨੰਤਪੁਰਮ ਅਤੇ ਕੋਟਯਾਮ ਹਨ।
ਉੱਥੇ ਹੀ ਅੱਜ ਭਾਰਤ ’ਚ ਇਕ ਦਿਨ ਵਿਚ ਕੋਰੋਨਾ ਦੇ 43,409 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਦੇਸ਼ ’ਚ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 3,15,28,114 ਹੋ ਗਈ ਹੈ। ਦੇਸ਼ ਵਿਚ ਮਿ੍ਰਤਕਾਂ ਦਾ ਅੰਕੜਾ ਵੱਧ ਕੇ 4,22,662 ਹੋ ਗਿਆ। ਦੇਸ਼ ’ਚ ਆ ਰਹੇ ਕੋਰੋਨਾ ਮਾਮਲਿਆਂ ’ਚੋਂ ਅੱਧੇ ਤੋਂ ਵੱਧ ਕੇਰਲ ਤੋਂ ਆ ਰਹੇ ਹਨ।