ਕੋਵਿਡ-19 ਦਾ ਨਵਾਂ ਰੂਪ ‘ਸਟ੍ਰੇਨ’ ਵਧੇਰੇ ਖ਼ਤਰਨਾਕ, ਲੋਕਾਂ ਨੂੰ ਚੌਕਸ ਰਹਿਣ ਦੀ ਲੋੜ: ਜੈਰਾਮ
Wednesday, Mar 31, 2021 - 05:52 PM (IST)
ਧਰਮਸ਼ਾਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ‘ਸਟ੍ਰੇਨ’ ਵਧੇਰੇ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਵਿਡ ਸਬੰਧੀ ਸਾਵਧਾਨੀਆਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਲੋੜ ਹੈ। ਠਾਕੁਰ ਧਰਮਸ਼ਾਲਾ ਨੇੜੇ ਡਾ. ਰਾਜਿੰਦਰ ਪ੍ਰਸਾਦ ਮੈਡੀਕਲ ਕਾਲਜ ਵਿਚ ਬੈਠਕ ’ਚ ਸੂਬੇ ਦੀ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਮਾਹਰਾਂ ਮੁਤਾਬਕ ਕੋਰੋਨਾ ਵਾਇਰਸ ਦੇ ਨਵੇਂ ਰੂਪ ਵਿਚ ਖੰਘ ਜਾਂ ਬੁਖਾਰ ਦੇ ਲੱਛਣ ਨਹੀਂ ਦਿੱਸਦੇ। ਮਰੀਜ਼ਾਂ ਨੂੰ ਸਿਰਫ਼ ਜੋੜਾ ਵਿਚ ਦਰਦ, ਸਰੀਰਕ ਕਮਜ਼ੋਰੀ ਅਤੇ ਭੁੱਖ ਨਾ ਲੱਗਣ ਅਤੇ ਨਮੋਨੀਆ ਦੀ ਸ਼ਿਕਾਇਤ ਹੁੰਦੀ ਹੈ।
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪੁਰਾਣੇ ਰੂਪ ਦੇ ਉਲਟ ਨਵਾਂ ਰੂਪ ਵਧੇਰੇ ਖ਼ਤਰਨਾਕ ਹੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਲਈ ਬਿਹਤਰ ਰਹੇਗਾ ਕਿ ਲੋਕ ਵਧੇਰੇ ਸੁਚੇਤ ਰਹਿਣ ਅਤੇ ਖ਼ੁਦ ਦਾ, ਪਰਿਵਾਰ ਅਤੇ ਸਮਾਜ ਦਾ ਬਚਾਅ ਕਰਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਕਿ ਕੋਈ ਵੀ ਵਿਅਕਤੀ ਬਿਨਾਂ ਮਾਸਕ ਆਪਣੇ ਘਰ ਤੋਂ ਬਾਹਰ ਨਾ ਨਿਕਲੇ ਅਤੇ ਸਮਾਜਿਕ ਦੂਰੀ ਦਾ ਪਾਲਣ ਹੋਵੇ। ਠਾਕੁਰ ਨੇ ਸਿਹਤ ਅਧਿਕਾਰੀਆਂ ਨੂੰ ਕੋਰੋਨਾ ਸਬੰਧੀ ਜਾਂਚ ਨੂੰ ਵਧਾਉਣ ਦਾ ਨਿਰਦੇਸ਼ ਦਿੱਤਾ, ਤਾਂ ਕਿ ਕਮਿਊਨਿਟੀ ਪ੍ਰਸਾਰ ਨੂੰ ਰੋਕਿਆ ਜਾ ਸਕੇ।