ਦਿਲ ਟੁੱਟਣਾ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ, ਖੁਦਕੁਸ਼ੀ ਲਈ ਉਕਸਾਉਣਾ ਨਹੀਂ : ਅਦਾਲਤ
Sunday, Mar 03, 2024 - 08:31 PM (IST)

ਮੁੰਬਈ, (ਭਾਸ਼ਾ)- ਮੁੰਬਈ ਦੀ ਇਕ ਅਦਾਲਤ ਨੇ ਆਪਣੇ ਸਾਬਕਾ ਪ੍ਰੇਮੀ ਨੂੰ ਆਤਮਹੱਤਿਆ ਲਈ ਉਕਸਾਉਣ ਦੇ ਕਥਿਤ ਦੋਸ਼ ਹੇਠ ਇਕ ਔਰਤ ਨੂੰ ਬਰੀ ਕਰਦੇ ਹੋਏ ਕਿਹਾ ਹੈ ਕਿ ਖੁਦਕੁਸ਼ੀ ਦੇ ਮਾਮਲੇ ’ਚ ਪ੍ਰੇਮ ਸਬੰਧ ਟੁੱਟਣ ਪਿੱਛੋਂ ਮਾਨਸਿਕ ਸਦਮੇ ਕਾਰਨ ਕੀਤੀ ਜਾਣ ਵਾਲੀ ਖੁਦਕੁਸ਼ੀ ’ਚ ਉਕਸਾਹਟ ਦਾ ਮਾਮਲਾ ਨਹੀਂ ਬਣਦਾ ਕਿਉਂਕਿ ਦਿਲ ਟੁੱਟਣਾ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਹੈ।
ਅਦਾਲਤ ਨੇ ਕਿਹਾ ਕਿ ਆਪਣੀ ਮਰਜ਼ੀ ਤੇ ਪਸੰਦ ਅਨੁਸਾਰ ਸਾਥੀ ਬਦਲਣਾ 'ਨੈਤਿਕ ਪੱਖੋਂ ਗਲਤ ਹੈ, ਪਰ ਰਿਸ਼ਤੇ ’ਚ ਗੈਰ -ਪ੍ਰਵਾਨਗੀ ਦਾ ਸਾਹਮਣਾ ਕਰ ਰਹੇ ਵਿਅਕਤੀ ਲਈ ਕਾਨੂੰਨ ਮੁਤਾਬਕ ਕੋਈ ਉਪਾਅ ਨਹੀਂ ਹੈ। ਵਧੀਕ ਸੈਸ਼ਨ ਜੱਜ ਐੱਨ. ਪੀ. ਮਹਿਤਾ ਨੇ ਇਹ ਟਿੱਪਣੀ ਕੀਤੀ ਅਤੇ ਮਨੀਸ਼ਾ ਚੁਡਾਸਮਾ ਤੇ ਉਸ ਦੇ ਮੰਗੇਤਰ ਰਾਜੇਸ਼ ਨੂੰ ਬਰੀ ਕਰ ਦਿੱਤਾ।
ਇਨ੍ਹਾਂ ਦੋਵਾਂ ’ਤੇ ਨਿਤਿਨ ਨੂੰ ਖੁਦਕੁਸ਼ੀ ਕਰਨ ਲਈ ਉਕਸਾਉਣ ਦਾ ਦੋਸ਼ ਸੀ। ਨਿਤਿਨ 15 ਜਨਵਰੀ 2016 ਨੂੰ ਆਪਣੇ ਘਰ ’ਚ ਛੱਤ ਦੇ ਪੱਖੇ ਨਾਲ ਲਟਕਦਾ ਮਿਲਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।