ਤਾਜ ਮਹਿਲ ਦੇ ਬਦਰੰਗ ਹੋਣ ਨੂੰ ਲੈ ਕੇ ਅਦਾਲਤ ਚਿੰਤਤ
Tuesday, May 01, 2018 - 04:25 PM (IST)
ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਤਾਜ ਮਹਿਲ ਦੇ ਬਦਲਦੇ ਰੰਗ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਸਫੇਦ ਰੰਗ ਦਾ ਇਹ ਸਮਾਰਕ ਪਹਿਲਾਂ ਪੀਲਾ ਹੋ ਰਿਹਾ ਸੀ ਪਰ ਹੁਣ ਇਹ ਭੂਰਾ ਅਤੇ ਹਰਾ ਹੋਣ ਲੱਗਾ ਹੈ। ਜਸਟਿਸ ਮਦਨ ਬੀ. ਲੋਕੂਰ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਕੇਂਦਰ ਨੂੰ ਸੁਝਾਅ ਦਿੱਤਾ ਕਿ ਭਾਰਤੀ ਅਤੇ ਵਿਦੇਸ਼ੀ ਮਾਹਰਾਂ ਦੀ ਮਦਦ ਲੈ ਕੇ ਪਹਿਲਾਂ ਇਸ ਦੇ ਨੁਕਸਾਨ ਦਾ ਆਕਲਨ ਕੀਤਾ ਜਾਵੇ ਅਤੇ ਫਿਰ ਇਸ ਇਤਿਹਾਸਕ ਸਮਾਰਕ ਦਾ ਮੂਲ ਰੂਪ ਬਹਾਲ ਕਰਨ ਲਈ ਕਦਮ ਚੁੱਕੇ ਜਾਣ। ਬੈਂਚ ਨੇ ਕਿਹਾ,''ਸਾਨੂੰ ਨਹੀਂ ਪਤਾ ਕਿ ਤੁਹਾਡੇ ਕੋਲ ਇਸ ਦੀ ਮਾਹਰਤਾ ਹੈ ਜਾਂ ਸ਼ਾਇਦ ਨਹੀਂ ਹੈ। ਜੇਕਰ ਤੁਹਾਡੇ ਕੋਲ ਮਾਹਰਤਾ ਹੈ ਤਾਂ ਵੀ ਤੁਸੀਂ ਇਸ ਦੀ ਵਰਤੋਂ ਨਹੀਂ ਕਰ ਰਹੇ ਹੋ ਜਾਂ ਸ਼ਾਇਦ ਤੁਸੀਂ ਪਰਵਾਹ ਨਹੀਂ ਕਰਦੇ।''
ਇਸ ਤੋਂ ਪਹਿਲਾਂ ਅਦਾਲਤ ਨੇ ਵਾਤਾਵਰਣਵਾਦੀ ਐਡਵੋਕੇਟ ਮਹੇਸ਼ ਚੰਦਰ ਵੱਲੋਂ ਪੇਸ਼ ਤਸਵੀਰਾਂ ਦੀ ਨਿਗਰਾਨੀ ਕੀਤੀ ਅਤੇ ਸਾਲਿਸੀਟਰ ਜਨਰਲ ਏ.ਐੱਨ.ਐੱਸ. ਨਾਡਕਰਨੀ ਨੂੰ ਸਵਾਲ ਕੀਤਾ ਕਿ ਤਾਜ ਮਹਿਲ ਦਾ ਰੰਗ ਕਿਉਂ ਬਦਲ ਰਿਹਾ ਹੈ। ਬੈਂਚ ਨੇ ਕਿਹਾ,''ਪਹਿਲਾਂ ਇਹ ਪੀਲਾ ਸੀ ਅਤੇ ਹੁਣ ਇਹ ਭੂਰਾ ਅਤੇ ਹਰਾ ਹੋ ਰਿਹਾ ਹੈ। ਨਾਡਕਰਨੀ ਨੇ ਬੈਂਚ ਨੂੰ ਕਿਹਾ ਤਾਜ ਮਹਿਲ ਦਾ ਪ੍ਰਬੰਧਨ ਪੁਰਾਤੱਤਵ ਸਰਵੇਖਣ ਵਿਭਾਗ ਨੂੰ ਕਰਨਾ ਹੁੰਦਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਹੁਣ 9 ਮਈ ਨੂੰ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਵਾਤਾਵਰਣਵਾਦੀ ਮਹੇਤਾ ਨੇ ਮਥੁਰਾ ਤੇਲ ਸੋਧਕ ਯੰਤਰ ਤੋਂ ਨਿਕਲਣ ਵਾਲੇ ਧੂੰਏ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਹੋ ਰਹੇ ਨੁਕਸਾਨ ਅਤੇ ਇਸ ਦੀ ਸੁਰੱਖਿਆ ਲਈ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਰੱਖੀ ਹੈ। ਸੁਪਰੀਮ ਕੋਰਟ ਲਗਾਤਾਰ ਤਾਜ ਮਹਿਲ ਅਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰ ਰਹੀ ਹੈ।