ਜਨਤਕ ਥਾਵਾਂ ’ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਗਾਉਣ ਵਿਰੁੱਧ ਪਟੀਸ਼ਨ ਖਾਰਜ
Tuesday, Dec 20, 2022 - 12:42 PM (IST)

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਇਕ ਜਨਹਿਤ ਪਟੀਸ਼ਨ ਨੂੰ ਸੋਮਵਾਰ ਨੂੰ ਖਾਰਜ ਕਰ ਦਿੱਤਾ, ਜਿਸ ’ਚ ਜਨਤਕ ਥਾਵਾਂ ’ਤੇ ਲੋਕਾਂ ਨੂੰ ਪਿਸ਼ਾਬ ਕਰਨ, ਥੁੱਕਣ ਜਾਂ ਗੰਦਗੀ ਫੈਲਾਉਣ ਤੋਂ ਰੋਕਣ ਲਈ ਕੰਧਾਂ ’ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਚਿਪਕਾਉਣ ਦੀ ਪ੍ਰਥਾ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਗਈ ਸੀ। ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੀ ਬੈਂਚ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਬੈਂਚ ਨੇ ਪਹਿਲਾਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਪਟੀਸ਼ਨ ’ਚ ਕਿਹਾ ਗਿਆ ਹੈ ਕਿ ਇਹ ਆਮ ਰੁਝਾਨ ਬਣ ਗਿਆ ਹੈ ਕਿ ਲੋਕਾਂ ਨੂੰ ਪਿਸ਼ਾਬ ਕਰਨ, ਥੁੱਕਣ ਅਤੇ ਕੂੜਾ ਸੁੱਟਣ ਤੋਂ ਰੋਕਣ ਲਈ ਕੰਧਾਂ ’ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਚਿਪਕਾਈਆਂ ਜਾਂਦੀਆਂ ਹਨ, ਜੋ ਸਮਾਜ ’ਚ ਗੰਭੀਰ ਖਤਰਾ ਪੈਦਾ ਕਰਦੇ ਹਨ, ਕਿਉਂਕਿ ਇਨ੍ਹਾਂ ਤਸਵੀਰਾਂ ਨੂੰ ਲਗਾਉਣਾ ਉਨ੍ਹਾਂ ਗਤੀਵਿਧੀਆਂ ਨੂੰ ਰੋਕਣ ਦੀ ਗਾਰੰਟੀ ਨਹੀਂ ਹੈ, ਸਗੋਂ ਲੋਕ ਜਨਤਕ ਤੌਰ ’ਤੇ ਇਨ੍ਹਾਂ ਪਵਿੱਤਰ ਤਸਵੀਰਾਂ ’ਤੇ ਪਿਸ਼ਾਬ ਕਰਦੇ ਹਨ ਜਾਂ ਥੁੱਕਦੇ ਹਨ।
ਪਟੀਸ਼ਨਰ ਅਤੇ ਐਡਵੋਕੇਟ ਗੌਰਾਂਗ ਗੁਪਤਾ ਨੇ ਕਿਹਾ ਕਿ ਇਹ ਪਵਿੱਤਰ ਤਸਵੀਰਾਂ ਦੀ ਪਵਿੱਤਰਤਾ ਨੂੰ ਭੰਗ ਕਰਦਾ ਹੈ... ਡਰ ਦੀ ਵਰਤੋਂ ਲੋਕਾਂ ਨੂੰ ਪਿਸ਼ਾਬ ਕਰਨ ਜਾਂ ਥੁੱਕਣ ਤੋਂ ਰੋਕਣ ਲਈ ਕੀਤੀ ਜਾਂਦੀ ਹੈ। ਆਪਣੇ ਧਰਮ ’ਚ ਆਸਥਾ ਅਤੇ ਉਸ ਨੂੰ ਮੰਨਣ ਦੀ ਆਜ਼ਾਦੀ ਨਾਲ ਪੈਦਾ ਹੋਈ ਸ਼ਰਧਾ ਦੀ ਭਾਵਨਾ ਦੇ ਮੱਦੇਨਜ਼ਰ ਇਸ ਤਰ੍ਹਾਂ ਦੇ ਕੰਮਾਂ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।