ਅਯੁੱਧਿਆ ''ਚ ਮੰਦਰ ਦੇ ਨਾਮ ''ਤੇ ਦੇਸ਼ ਦੀ ਆਸਥਾ ਨਾਲ ਹੋਇਆ ਧੋਖਾ : ਪ੍ਰਿਯੰਕਾ ਗਾਂਧੀ
Thursday, Dec 23, 2021 - 02:34 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਨਾਮ 'ਤੇ ਜ਼ਮੀਨ ਖਰੀਦ 'ਚ ਲੋਕਾਂ ਦੀ ਆਸਥਾ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ। ਪ੍ਰਿਯੰਕਾ ਨੇ ਕਿਹਾ ਹੈ ਕਿ ਦਲਿਤਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਨਾਲ ਹੀ ਘੱਟ ਮੁੱਲ 'ਤੇ ਖਰੀਦੀ ਗਈ ਜ਼ਮੀਨ ਮਹਿੰਗੀ ਕੀਮਤ 'ਤੇ ਟਰੱਸਟ ਨੂੰ ਵੇਚੀ ਗਈ ਹੈ, ਇਸ ਲਈ ਇਸ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੀ ਦੇਖਰੇਖ 'ਚ ਜਾਂਚ ਹੋਣੀ ਚਾਹੀਦੀ ਹੈ। ਪ੍ਰਿਯੰਕਾ ਨੇ ਵੀਰਵਾਰ ਨੂੰ ਇੱਥੇ ਪਾਰਟੀ ਹੈੱਡ ਕੁਆਰਟਰ 'ਚ ਵਿਸ਼ੇਸ਼ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਭਗਵਾਨ ਰਾਮ ਮਰਿਆਦਾ ਅਤੇ ਨੈਤਿਕਤਾ ਦੇ ਪ੍ਰਤੀਕ ਸਨ। ਭਗਵਾਨ ਰਾਮ ਨੇ ਵੱਡਾ ਬਲੀਦਾਨ ਇਸ ਲਈ ਦਿੱਤਾ, ਕਿਉਂਕਿ ਉਨ੍ਹਾਂ ਨੇ ਸੱਚ ਦੇ ਰਸਤੇ 'ਤੇ ਤੁਰਨ ਦਾ ਫ਼ੈਸਲਾ ਲਿਆ ਸੀ ਪਰ ਹੁਣ ਉਨ੍ਹਾਂ ਦੇ ਨਾਮ 'ਤੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਪੂਰੇ ਦੇਸ਼ ਦੀ ਆਸਥਾ ਨੂੰ ਠੁਕਰਾ ਕੇ ਉਸ ਨੂੰ ਸੱਟ ਪਹੁੰਚਾਈ ਜਾ ਰਹੀ ਹੈ।
ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀ ਭਗਵਾਨ ਰਾਮ ਦੇ ਪ੍ਰਤੀ ਡੂੰਘੀ ਆਸਥਾ ਹੈ, ਇਸ ਲਈ ਦੇਸ਼ ਦੇ ਲਗਭਗ ਹਰ ਘਰ ਨੇ ਰਾਮ ਮੰਦਰ ਟਰੱਸਟ ਨੂੰ ਕੁਝ ਨਾ ਕੁਝ ਦਾਨ ਕੀਤਾ ਹੈ। ਘਰ-ਘਰ ਜਾ ਕੇ ਪ੍ਰਚਾਰ ਵੀ ਕੀਤਾ ਗਿਆ। ਆਪਣੀ ਆਸਥਾ ਕਾਰਨ ਗਰੀਬ ਪਰਿਵਾਰ ਅਤੇ ਔਰਤਾਂ ਨੇ ਆਪਣੀ ਬਚਤ ਤੋਂ ਚੰਦਾ ਦਿੱਤਾ ਹੈ। ਇਹ ਭਗਤੀ ਦੀ ਗੱਲ ਹੈ ਅਤੇ ਇਸ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇੱਥੇ ਤੱਕ ਕਿ ਦਲਿਤਾਂ ਦੀ ਜੋ ਜ਼ਮੀਨ ਖਰੀਦੀ ਨਹੀਂ ਜਾ ਸਕਦੀ ਸੀ, ਉਸ ਨੂੰ ਵੀ ਖਰੀਦਿਆ ਗਿਆ ਹੈ। ਵਾਡਰਾ ਨੇ ਕਿਹਾ ਕਿ ਜ਼ਮੀਨ ਦੇ ਕੁਝ ਹਿੱਸੇ ਘੱਟ ਮੁੱਲ ਦੇ ਸਨ ਪਰ ਉਸ ਜ਼ਮੀਨ ਨੂੰ ਟਰੱਸਟ ਨੂੰ ਬਹੁਤ ਵੱਧ ਕੀਮਤ 'ਤੇ ਵੇਚਿਆ ਗਿਆ। ਇਸ ਤੋਂ ਸਾਫ਼ ਹੈ ਕਿ ਮੰਦਰ ਨਿਰਮਾਣ ਲਈ ਦਾਨ ਦੇ ਮਾਧਿਅਮ ਨਾਲ ਹਾਸਲ ਕੀਤੀ ਗਈ ਜ਼ਮੀਨ 'ਚ ਬਹੁਤ ਵੱਡਾ ਘਪਲਾ ਹੋਇਆ ਹੈ। ਟਰੱਸਟ ਨੂੰ ਜ਼ਮੀਨ ਵੇਚ ਕੇ ਭਾਰੀ ਪੈਸਾ ਇਕੱਠਾ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਰਾਮ ਮੰਦਰ ਲਈ ਚੰਦੇ ਦੇ ਪੈਸੇ ਨਾਲ ਘਪਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਟਰੱਸਟ ਲਈ ਜ਼ਮੀਨ ਦੀ ਖਰੀਦ 'ਚ ਬਹੁਤ ਵੱਡਾ ਘਪਲਾ ਹੋਇਆ ਹੈ ਅਤੇ ਇਸ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਹੋਣੀ ਚਾਹੀਦੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ