ਦੇਸ਼ ਭਰ ''ਚ ਵਧੀ ਅਪਰਾਧ ਦਰ, ਉੱਤਰ ਪ੍ਰਦੇਸ਼ ਪਹਿਲੇ ਸਥਾਨ ''ਤੇ
Wednesday, Oct 23, 2019 - 10:39 AM (IST)

ਨਵੀਂ ਦਿੱਲੀ— ਦੇਸ਼ 'ਚ ਅਪਰਾਧ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਪਹਿਲੇ ਸਥਾਨ 'ਤੇ ਹੈ, ਜਿੱਥੇ ਇਕ ਸਾਲ 'ਚ ਤਿੰਨ ਲੱਖ ਤੋਂ ਵਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। 2017 ਲਈ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਉੱਤਰ ਪ੍ਰਦੇਸ਼ ਤੋਂ ਬਾਅਦ ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲ ਅਤੇ ਦਿੱਲੀ ਦਾ ਨੰਬਰ ਆਉਂਦਾ ਹੈ। ਬਿਹਾਰ ਅਪਰਾਧ ਦੇ ਲਿਹਾਜ ਨਾਲ 6ਵੇਂ ਸਥਾਨ 'ਤੇ ਆਉਂਦਾ ਹੈ। ਦੇਸ਼ ਭਰ 'ਚ 2017 'ਚ ਕੁੱਲ 30,62,579 ਮਾਮਲੇ ਦਰਜ ਕੀਤੇ ਗਏ ਸਨ। 2015 'ਚ ਇਨ੍ਹਾਂ ਦੀ ਗਿਣਤੀ 29,49,400 ਅਤੇ 2016 'ਚ 29,75,711 ਸੀ। 2017 ਦੇ ਅੰਕੜੇ ਇਕ ਸਾਲ ਤੋਂ ਵੀ ਵਧ ਸਮੇਂ ਦੀ ਦੇਰੀ ਤੋਂ ਬਾਅਦ ਸੋਮਵਾਰ ਰਾਤ ਜਾਰੀ ਕੀਤੇ ਗਏ। ਅੰਕੜਿਆਂ ਅਨੁਸਾਰ ਦੇਸ਼ ਦੀ ਸਭ ਤੋਂ ਵਧ ਆਬਾਦੀ ਵਾਲੇ ਉੱਤਰ ਪ੍ਰਦੇਸ਼ 'ਚ ਉਸ ਸਾਲ 3,10,084 ਮਾਮਲੇ ਦਰਜ ਕੀਤੇ ਗਏ ਸਨ ਅਤੇ ਦੇਸ਼ ਭਰ 'ਚ ਦਰਜ ਕੁੱਲ ਮਾਮਲਿਆਂ ਦਾ ਲਗਭਗ 10 ਫੀਸਦੀ ਹੈ, ਜੋ ਵਧ ਹੈ। ਰਿਪੋਰਟ ਅਨੁਸਾਰ ਉੱਤਰ ਪ੍ਰਦੇਸ਼ 'ਚ ਲਗਾਤਾਰ ਤੀਜੇ ਸਾਲ ਅਪਰਾਧਾਂ ਦਾ ਗਰਾਫ਼ ਉੱਪਰ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ।
ਸੂਬੇ 'ਚ 2015 'ਚ 2,41,920 ਅਤੇ 2016 'ਚ 2,82,171 ਮਾਮਲੇ ਦਰਜ ਕੀਤੇ ਗਏ ਸਨ। ਮਹਾਰਾਸ਼ਟਰ 'ਚ ਦੇਸ਼ 'ਚ ਦਰਜ ਕੁੱਲ ਮਾਮਲਿਆਂ ਦੇ 9.4 ਫੀਸਦੀ ਅਪਰਾਧਕ ਮਾਮਲੇ ਦਰਜ ਕੀਤੇ ਗਏ। ਇੱਥੇ 2017 'ਚ 2,88,879 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਐੱਨ.ਸੀ.ਆਰ.ਬੀ. ਅਨੁਸਾਰ 2015 'ਚ ਰਾਜ 'ਚ 2,75,414 ਅਤੇ 2016 'ਚ 2,61,714 ਮਾਮਲੇ ਦਰਜ ਕੀਤੇ ਗਏ ਸਨ। ਇਸੇ ਤਰ੍ਹਾਂ ਮੱਧ ਪ੍ਰਦੇਸ਼ 'ਚ 2017 'ਚ ਅਪਰਾਧ ਦੀਆਂ 2,69,512 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਐੱਨ.ਸੀ.ਆਰ.ਬੀ. ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਦਿੱਲੀ ਵਰਗੇ ਕੁਝ ਸੂਬਿਆਂ ਨੇ 'ਵਾਹਨ ਚੋਰੀ' ਅਤੇ 'ਹੋਰ ਚੋਰ' ਵਰਗੇ ਅਪਰਾਧਾਂ ਦੀਆਂ ਕੁਝ ਸ਼੍ਰੇਣੀਆਂ ਦੇ ਅਧੀਨ ਆਨਲਾਈਨ ਸ਼ਿਕਾਇਤ ਦਰਜ ਕਰਨ ਦੀ ਨਾਗਰਿਕ ਹਿਤੈਸ਼ੀ ਸੇਵਾ ਮੁਹੱਈਆ ਕਰਵਾਈ ਹੈ। ਐੱਨ.ਸੀ.ਆਰ.ਬੀ. ਦੀ ਸੂਚੀ 'ਚ ਚੌਥੇ ਸਥਾਨ 'ਤੇ ਕੇਰਲ, 5ਵੇਂ ਸਥਾਨ 'ਤੇ ਦਿੱਲੀ ਅਤੇ 6ਵੇਂ ਸਥਾਨ 'ਤੇ ਬਿਹਾਰ ਆਉਂਦਾ ਹੈ। ਦਿੱਲੀ 'ਚ 2017 'ਚ ਅਪਰਾਧ ਦੇ ਮਾਮਲਿਆਂ 'ਚ 2,32,066 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਐੱਨ.ਸੀ.ਆਰ.ਬੀ. ਦਾ ਕੰਮ ਅਪਰਾਧ ਦੇ ਅੰਕੜਿਆਂ ਨੂੰ ਇਕੱਠੇ ਕਰਨਾ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ।