ਅਨਲੌਕ-4: ਅੱਜ ਤੋਂ ਅਨਲੌਕ ਦਾ ਚੌਥਾ ਪੜਾਅ ਸ਼ੁਰੂ, ਜਾਣੋ ਕੀ-ਕੀ ਖੁੱਲ੍ਹ ਰਿਹੈ
Tuesday, Sep 01, 2020 - 11:47 AM (IST)

ਨਵੀਂ ਦਿੱਲੀ- ਦੇਸ਼ 'ਚ ਫੈਲੀ ਮਹਾਮਾਰੀ ਕੋਵਿਡ-19 ਕਾਰਨ ਮਾਰਚ 'ਚ ਪੂਰੇ ਦੇਸ਼ 'ਚ ਤਾਲਾਬੰਦੀ ਕਰ ਦਿੱਤੀ ਗਈ ਸੀ। ਇਸ ਨਾਲ ਦੇਸ਼ 'ਚ ਲਗਭਗ ਹਰ ਸੈਕਟਰ 'ਚ ਗਤੀਵਿਧੀ ਰੁਕ ਗਈ ਸੀ ਅਤੇ ਆਮ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਸੀ। ਹੁਣ ਸਰਕਾਰ ਹੌਲੀ-ਹੌਲੀ ਸਾਰਾ ਕੁਝ ਆਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਕ ਸਤੰਬਰ ਯਾਨੀ ਅੱਜ ਤੋਂ ਦੇਸ਼ 'ਚ ਅਨਲੌਕ ਦਾ ਚੌਥਾ ਪੜਾਅ ਸ਼ੁਰੂ ਹੋ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਅਨਲੌਕ-4 ਨੂੰ ਲੈ ਕੇ ਗਾਈਡਲਾਈਨ ਜਾਰੀ ਕੀਤੀ ਸੀ। ਅਨਲੌਕ-4 ਦੇ ਅਧੀਨ ਕਿਹਾ ਜਾ ਸਕਦਾ ਹੈ ਕਿ ਦੇਸ਼ 'ਚ ਕੁਝ ਸੰਸਥਾਵਾਂ ਅਤੇ ਸੈਕਟਰ ਨੂੰ ਛੱਡ ਕੇ ਬਾਕੀ ਚੀਜ਼ਾਂ ਆਮ ਹੋ ਰਹੀਆਂ ਹਨ। ਚੌਥੇ ਪੜਾਅ ਦੇ ਇਸ ਅਨਲੌਕ 'ਚ ਕਈ ਤਰ੍ਹਾਂ ਦੀਆਂ ਛੋਟ ਦਿੱਤੀਆਂ ਗਈਆਂ ਹਨ ਪਰ ਕੰਟੇਨਮੈਂਟ ਜ਼ੋਨਸ ਲਈ 30 ਸਤੰਬਰ ਤੱਕ ਸਖਤ ਨਿਯਮ ਰਹਿਣਗੇ।
ਅਨਲੌਕ-4 ਦੀਆਂ ਗਾਈਡਲਾਈਨਜ਼ ਇਸ ਤਰ੍ਹਾਂ ਹਨ:-
1- ਦੇਸ਼ 'ਚ ਅੱਜ ਤੋਂ ਅਨਲੌਕ-4 ਸ਼ੁਰੂ ਹੋ ਰਿਹਾ ਹੈ। ਇਸ ਪੜਾਅ 'ਚਵੀ ਸਕੂਲ, ਕਾਲਜ ਅਤੇ ਹੋਰ ਸਿੱਖਿਆ ਸੰਸਥਾਵਾਂ ਬੰਦ ਹੀ ਰੱਖੀਆਂ ਗਈਆਂ ਹਨ। ਇਨ੍ਹਾਂ ਨੂੰ ਫਿਲਹਾਲ 30 ਸਤੰਬਰ ਤੱਕ ਬੰਦ ਰੱਖਣ ਦਾ ਆਦੇਸ਼ ਹੈ। ਹਾਲਾਂਕਿ 9ਵੀਂ ਅਤੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕੁਝ ਛੋਟ ਦਿੱਤੀ ਗਈ ਹੈ।
2- ਮੰਤਰਾਲੇ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 50 ਫੀਸਦੀ ਤੱਕ ਸਿੱਖਿਆ, ਗੈਰ-ਸਿੱਖਿਅਕ ਕਰਮੀਆਂ ਨੂੰ ਆਨਲਾਈਨ ਸਿੱਖਿਆ, ਟੈਲੀ-ਕਾਊਂਸਲਿੰਗ ਨਾਲਸੰਬੰਧਤ ਕੰਮ ਲਈ ਸਕੂਲਾਂ 'ਚ ਬੁਲਾਇਆ ਜਾ ਸਕਦਾ ਹੈ। ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਟੇਨਮੈਂਟ ਜ਼ੋਨ ਦੇ ਬਾਹਰ ਸਥਿਤ ਸਕੂਲਾਂ 'ਚ 9ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਤੋਂ ਮਾਰਗਦਰਸ਼ਨ ਲੈਣ ਲਈ ਆਪਣੀ ਇੱਛਾ ਦੇ ਆਧਾਰ 'ਤੇ ਸਕੂਲ ਜਾਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ।
3- ਇਸ ਪੜਾਅ 'ਚ ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ ਅਤੇ ਇਸ ਤਰ੍ਹਾਂ ਦੇ ਸਥਾਨ ਬੰਦ ਰਹਿਣਗੇ ਅਤੇ ਕੌਮਾਂਤਰੀ ਹਵਾਈ ਯਾਤਰਾ, ਗ੍ਰਹਿ ਮੰਤਰਾਲੇ ਵਲੋਂ ਮਨਜ਼ੂਰੀ ਯਾਤਰਾ ਨੂੰ ਛੱਡ ਕੇ ਮੁਲਤਵੀ ਰਹੇਗੀ। ਦਿਸ਼ਾ-ਨਿਰਦੇਸ਼ ਅਨੁਸਾਰ 21 ਸਤੰਬਰ ਤੋਂ ਓਪਨ-ਏਅਰ ਥੀਏਟਰਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਹੋਵੇਗੀ।
4- ਅੰਤਰਰਾਜੀ ਯਾਤਰਾਵਾਂ 'ਤੇ ਕੋਈ ਰੋਕ ਨਹੀਂ ਹੈ। ਵਿਅਕਤੀਆਂ ਅਤੇ ਸਮਾਨ ਦੀ 2 ਸੂਬਿਆਂ ਦਰਮਿਆਨ ਅਤੇ ਇਕ ਸੂਬੇ ਦੇ ਅੰਦਰ ਗਤੀਵਿਧੀਆਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਕਿਸੇ ਤਰ੍ਹਾਂ ਦੀ ਵੱਖ ਮਨਜ਼ੂਰੀ, ਮਨਜ਼ੂਰੀ, ਈ-ਪਰਮਿਟ ਦੀ ਜ਼ਰੂਰਤ ਨਹੀਂ ਹੋਵੇਗੀ।
5- ਮੈਟਰੋ ਟਰੇਨਾਂ ਨੂੰ 7 ਸਤੰਬਰ ਤੋਂ ਚਰਨਬੱਧ ਤਰੀਕੇ ਨਾਲ ਸੰਚਾਲਤ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਮੈਟਰੋ ਟਰੇਨਾਂ ਨੂੰ ਚਲਾਉਣ ਲਈ SOP ਪਹਿਲਾਂ ਹੀ ਦਿੱਤੀ ਜਾ ਚੁਕੀ ਹੈ ਅਤੇ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਲੋਂ ਇਕ ਸਤੰਬਰ ਨੂੰ ਵੀਡੀਆ ਕਾਨਫਰੈਂਸ ਰਾਹੀਂ ਇਸ 'ਤੇ ਮੈਟਰੋ ਕੰਪਨੀਆਂ ਨਾਲ ਚਰਚਾ ਕੀਤੀ ਜਾਵੇਗੀ ਅਤੇ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
6- ਉੱਥੇ ਹੀ ਸਮਾਜਿਕ ਸਥਾਨਾਂ ਅਤੇ ਪ੍ਰੋਗਰਾਮਾਂ 'ਚ ਇਕੱਠੇ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਵੀ ਵਧਾ ਦਿੱਤਾ ਗਿਆ ਹੈ। 21 ਸਤੰਬਰ ਤੋਂ 100 ਵਿਅਕਤੀਆਂ ਦੀ ਜ਼ਿਆਦਾਤਰ ਹੱਦ ਦੇ ਨਾਲ ਸਮਾਜਿਕ, ਰਾਜਨੀਤਕ, ਧਾਰਮਿਕ ਪ੍ਰੋਗਰਾਮਾਂ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਸ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਮਾਸਕ ਪਹਿਨਣਾ, ਸਮਾਜਿਕ ਦੂਰੀ ਦਾ ਪਾਲਣ ਕਰਨਾ, ਥਰਮਲ ਸਕੈਨਿੰਗ ਅਤੇ ਹੱਥ ਧੋਣਾ ਜਾਂ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਜ਼ਰੂਰੀ ਹੋਵੇਗਾ।
7- ਉੱਥੇ ਹੀ, ਸਿਆਸੀ ਪ੍ਰੋਗਰਾਮ ਆਯੋਜਿਤ ਕਰਨ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਅਕਤੂਬਰ-ਨਵੰਬਰ 'ਚ ਬਿਹਾਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
8- ਇਸ 'ਚ ਕਿਹਾ ਗਿਆ ਹੈ ਕਿ ਕੰਟੇਨਮੈਂਟ ਜ਼ੋਨਸ 'ਚ ਨਿਯਮਾਂ 'ਚ ਸਖਤੀ ਰਹੇਗੀ। ਉੱਥੇ ਹੀ ਅਹਿਮ ਇਹ ਵੀ ਹੈ ਕਿ ਕੇਂਦਰ ਨੇ ਕਿਹਾ ਹੈ ਕਿ ਰਾਜ ਸਰਕਾਰਾਂ ਕੰਟੇਨਮੈਂਟ ਜ਼ੋਨਸ ਦੇ ਬਾਹਰ ਆਪਣੀ ਮਰਜ਼ੀ ਨਾਲ ਤਾਲਾਬੰਦੀ ਨਹੀਂ ਲੱਗਾ ਸਕਦੀਆਂ ਹਨ। ਤਾਲਾਬੰਦੀ ਲਈ ਉਨ੍ਹਾਂ ਨੂੰ ਕੇਂਦਰ ਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਜ਼ਰੂਰੀ ਹੋਣ 'ਤੇ ਕੇਂਦਰ ਨਾਲ ਸਲਾਹ ਕਰ ਕੇ ਹੀ ਫੈਸਲਾ ਲੈਣਾ ਹੋਵੇਗਾ।
9- ਗਾਈਡਲਾਈਨਜ਼ਰ 'ਚ 65 ਸਾਲ ਤੋਂ ਵੱਧ ਉਮਰ ਦੇ ਲੋਕਾਂ, ਗੰਭੀਰ ਬੀਮਾਰੀਆਂ ਨਾਲ ਪੀੜਤ ਲੋਕਾਂ, ਗਰਭਵਤੀ ਬੀਬੀਆਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਘਰ 'ਚ ਹੀ ਰਹਿਣ ਲਈ ਕਿਹਾ ਹੈ ਅਤੇ ਬਹੁਤ ਜ਼ਰੂਰੀ ਹੋਣ 'ਤੇ ਹੀ ਬਾਹਰ ਜਾਣ ਲਈ ਕਿਹਾ ਹੈ।
10- ਉੱਥੇ ਹੀ ਸਾਰਿਆਂ ਨੂੰ ਅਰੋਗਿਆ ਸੇਤੂ ਐਪ ਦੀ ਵਰਤੋਂ ਕਰਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ।