ਕੋਵਿਡ-19:PM ਮੋਦੀ ਮੰਗਲਵਾਰ ਅਤੇ ਬੁੱਧਵਾਰ ਨੂੰ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ

06/15/2020 4:39:37 PM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਅਤੇ ਬੁੱਧਵਾਰ ਨੂੰ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ। ਮੋਦੀ ਮੰਗਲਵਾਰ ਦੁਪਹਿਰ ਨੂੰ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ, ਉਪ ਰਾਜਪਾਲਾਂ ਅਤੇ ਪ੍ਰਸ਼ਾਸਕਾਂ ਨਾਲ ਗੱਲਬਾਤ ਕਰਨਗੇ। ਇਨ੍ਹਾਂ 'ਚੋਂ ਪੰਜਾਬ, ਕੇਰਲ, ਗੋਆ, ਉਤਰਾਖੰਡ, ਝਾਰਖੰਡ, ਪੂਰਬ-ਉੱਤਰ ਦੇ ਸੂਬਿਆਂ ਅਤੇ ਕੁਝ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹਨ। ਪ੍ਰਧਾਨ ਮੰਤਰੀ ਬੁੱਧਵਾਰ ਨੂੰ 15 ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਨਾਲ ਗੱਲਬਾਤ ਕਰਨਗੇ। ਇਨ੍ਹਾਂ 'ਚੋਂ ਮਹਾਰਾਸ਼ਟਰ, ਪੱਛਮੀ ਬੰਗਾਲ, ਦਿੱਲੀ, ਕਰਨਾਟਕ, ਗੁਜਰਾਤ, ਬਿਹਾਰ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਦੇਸ਼ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ 2 ਦਿਨਾਂ ਦੀ ਡਿਜ਼ੀਟਲ ਬੈਠਕ ਹੋਣ ਜਾ ਰਹੀ ਹੈ।

ਭਾਰਤ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 11 ਹਜ਼ਾਰ ਤੋਂ ਵਧ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ 3.32 ਲੱਖ ਹੋ ਗਈ ਹੈ, ਜਦੋਂ ਕਿ 325 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 9520 ਹੋ ਗਈ ਹੈ। 'ਅਨਲੌਕ 1' ਦੇ ਅਧੀਨ ਆਮ ਲੋਕਾਂ ਅਤੇ ਵਪਾਰ ਲਈ ਕਈ ਛੋਟਾਂ ਦਿੱਤੀਆਂ ਗਈਆਂ ਹਨ ਤਾਂ ਕਿ ਲਾਕਡਾਊਨ (ਤਾਲਾਬੰਦੀ) ਕਾਰਨ ਪ੍ਰਭਾਵਿਤ ਆਰਥਿਕ ਗਤੀਵਿਧੀਆਂ ਪਟੜੀ 'ਤੇ ਆ ਸਕਣ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਕੋਵਿਡ-19 ਮਹਾਮਾਰੀ ਤੋਂ ਵਧ ਪ੍ਰਭਾਵਿਤ ਇਲਾਕਿਆਂ 'ਚ ਇਸ ਦੇ ਪ੍ਰਸਾਰ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਅਤੇ ਸਥਿਤੀ ਦੇ ਪ੍ਰਭਾਵੀ ਪ੍ਰਬੰਧਨ ਦੇ ਰੋਡਮੈਪ ਦੀ ਸਮੀਖਿਆ ਕੀਤੀ ਸੀ। ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਇਹ 6ਵੇਂ ਦੌਰ ਦੀ ਵਾਰਤਾ ਹੋਵੇਗੀ, ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਬੈਠਕ 11 ਮਈ ਨੂੰ ਹੋਈ ਸੀ।


DIsha

Content Editor

Related News