ਦੇਸ਼ ''ਚ ਕੋਰੋਨਾ ਦਾ ਕਹਿਰ ਜਾਰੀ, ਇਕ ਦਿਨ ''ਚ 83 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ

9/3/2020 11:19:54 AM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਪਹਿਲੀ ਵਾਰ ਇਨਫੈਕਸ਼ਨ ਦੇ 83 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ 38.53 ਲੱਖ ਦੇ ਪਾਰ ਪਹੁੰਚ ਗਈ। ਹਾਲਾਂਕਿ ਰਾਹਤ ਭਰੀ ਖ਼ਬਰ ਇਹ ਹੈ ਕਿ ਇਸ ਦੌਰਾਨ 67 ਹਜ਼ਾਰ ਤੋਂ ਵੱਧ ਲੋਕ ਸਿਹਤਯਾਬ ਵੀ ਹੋਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਰਿਕਾਰਡ 83,883 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 38,53,407 ਹੋ ਗਿਆ। ਕੋਰੋਨਾ ਪੀੜਤਾਂ ਦੀ ਗਿਣਤੀ 'ਚ ਹੋਇਆ ਇਹ ਵਾਧਾ ਵਿਸ਼ਵ ਦੇ ਕਿਸੇ ਵੀ ਦੇਸ਼ 'ਚ ਇਕ ਦਿਨ 'ਚ ਦਰਜ ਕੀਤਾ ਗਿਆ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ ਵੀ 78,761 ਦੀ ਸਭ ਤੋਂ ਵੱਧ ਵਾਧਾ ਭਾਰਤ 'ਚ ਹੀ 29 ਅਗਸਤ ਨੂੰ ਹੋਇਆ ਸੀ।

ਪਿਛਲੇ 24 ਘਂਟਿਆਂ ਦੌਰਾਨ 68,584 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 28,70,493 ਹੋ ਗਈ ਹੈ। ਸਿਹਤਯਾਬ ਹੋਣ ਵਾਲਿਆਂ ਦੀ ਤੁਲਨਾ 'ਚ ਇਨਫੈਕਸ਼ਨ ਦੇ ਨਵੇਂ ਮਾਮਲੇ ਵੱਧ ਹੋਣ ਨਾਲ ਸਰਗਰਮ ਮਾਮਲੇ 14,256 ਵੱਧ ਕੇ 8,15,538 ਹੋ ਗਏ ਹਨ। ਦੇਸ਼ ਦੇ ਸਿਰਫ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਇਸ ਦੌਰਾਨ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਹੈ ਅਤੇ ਇਸ ਮਿਆਦ 'ਚ 1,043 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 67,376 ਹੋ ਗਈ ਹੈ। ਦੇਸ਼ 'ਚ ਸਰਗਰਮ ਮਾਮਲੇ 21.16 ਫੀਸਦੀ ਅਤੇ ਠੀਕ ਹੋਣ ਵਾਲਿਆਂ ਦੀ ਦਰ 77.09 ਫੀਸਦੀ ਹੈ, ਜਦੋਂ ਕਿ ਮ੍ਰਿਤਕਾਂ ਦੀ ਦਰ 1.75 ਫੀਸਦੀ ਹੈ। ਕੋਰੋਨਾ ਨਾਲ ਸਭ ਤੋਂ ਵੱਧ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 3,182 ਵੱਧ ਕੇ 2,02,048 ਹੋ ਗਈ ਅਤੇ 292 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 25,195 ਹੋ ਗਿਆ। ਇਸ ਦੌਰਾਨ 13,959 ਲੋਕ ਠੀਕ ਹੋਏ, ਜਿਸ ਨਾਲ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 5,98,496 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਮਾਮਲੇ ਇਸੇ ਸੂਬੇ 'ਚ ਹਨ।


DIsha

Content Editor DIsha