ਦੇਸ਼ ''ਚ ਕੋਰੋਨਾ ਪੀੜਤਾਂ ਦੀ ਗਿਣਤੀ 53 ਲੱਖ ਦੇ ਪਾਰ, ਰਿਕਾਰਡ 95 ਹਜ਼ਾਰ ਤੋਂ ਵੱਧ ਲੋਕ ਹੋਏ ਸਿਹਤਯਾਬ

Saturday, Sep 19, 2020 - 11:29 AM (IST)

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ 2 ਦਿਨਾਂ ਤੱਕ ਵਾਧੇ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਨਵੇਂ ਮਾਮਲਿਆਂ 'ਚ ਕੁਝ ਕਮੀ ਆਈ ਹੈ। ਸ਼ਨੀਵਾਰ ਨੂੰ ਦੇਸ਼ 'ਚ 93,337 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ 53 ਲੱਖ ਦੇ ਪਾਰ ਹੋ ਗਿਆ, ਜਦੋਂ ਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਰਿਕਾਰਡ 95,880 ਲੋਕਾਂ ਦੇ ਸਿਹਤਯਾਬ ਹੋਣ ਨਾਲ ਇਸ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 42 ਲੱਖ ਤੋਂ ਵੱਧ ਹੋ ਗਈ। ਇਸ ਦੇ ਨਾਲ ਹੀ ਭਾਰਤ ਕੋਰੋਨਾ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ ਦੇ ਮਾਮਲਿਆਂ 'ਚ ਅਮਰੀਕਾ ਨੂੰ ਪਿੱਛੇ ਛੱਡ ਪਹਿਲੇ ਨੰਬਰ 'ਤੇ ਆ ਗਿਆ ਹੈ। ਦੁਨੀਆ ਦੇ ਸਾਰੇ ਦੇਸ਼ਾਂ ਦੀ ਤੁਲਨਾ 'ਚ ਭਾਰਤ 'ਚ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਠੀਕ ਹੋਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ 93,337 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 53,08,014 ਹੋ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 96,424 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ ਉਸ ਤੋਂ ਪਹਿਲਾਂ ਵੀਰਵਾਰ ਨੂੰ ਰਿਕਾਰਡ 97,894 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਮਿਆਦ 'ਚ ਰਿਕਾਰਡ 95 ਹਜ਼ਾਰ ਤੋਂ ਵੱਧ ਮਰੀਜ਼ ਸਿਹਤਯਾਬ ਹੋਏ ਹਨ, ਜਿਸ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 42,08,431 ਹੋ ਗਈ ਹੈ।

ਇਸ ਦੌਰਾਨ 1247 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 85,619 ਹੋ ਗਈ ਹੈ। ਨਵੇਂ ਮਾਮਲਿਆਂ ਦੀ ਤੁਲਨਾ 'ਚ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਹੋਣ ਨਾਲ ਸਰਗਰਮ ਮਾਮਲੇ 3790 ਘੱਟ ਕੇ 10,13,964 ਹੋ ਗਏ ਹਨ। ਦੇਸ਼ 'ਚ ਸਰਗਰਮ ਮਾਮਲੇ 19.10 ਫੀਸਦੀ ਅਤੇ ਠੀਕ ਹੋਣ ਵਾਲਿਆਂ ਦੀ ਦਰ 79.28 ਫੀਸਦੀ ਹੈ, ਜਦੋਂ ਕਿ ਮੌਤ ਦਰ 1.61 ਫੀਸਦੀ ਹੈ। ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 'ਚ ਕਮੀ ਆਈ ਹੈ ਅਤੇ ਇਹ 862 ਘੱਟ ਕੇ 3,01,273 ਹੋ ਗਈ ਅਤੇ 440 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 31,791 ਹੋ ਗਿਆ। ਇਸ ਦੌਰਾਨ 22,078 ਲੋਕ ਠੀਕ ਹੋਏ, ਜਿਸ ਨਾਲ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 8,34,432 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸੇ ਸੂਬੇ 'ਚ ਹਨ।


DIsha

Content Editor

Related News