ਯੋਗੀ ਸਰਕਾਰ ਦਾ ਫੈਸਲਾ, ਕੋਰੋਨਾ ਵਾਇਰਸ ਕਾਰਨ 22 ਮਾਰਚ ਤੱਕ ਸਾਰੇ ਸਕੂਲ-ਕਾਲਜ ਬੰਦ

Friday, Mar 13, 2020 - 02:03 PM (IST)

ਯੋਗੀ ਸਰਕਾਰ ਦਾ ਫੈਸਲਾ, ਕੋਰੋਨਾ ਵਾਇਰਸ ਕਾਰਨ 22 ਮਾਰਚ ਤੱਕ ਸਾਰੇ ਸਕੂਲ-ਕਾਲਜ ਬੰਦ

ਲਖਨਊ— ਕੋਰੋਨਾ ਵਾਇਰਸ ਦਾ ਡਰ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਤੱਕ ਪਹੁੰਚ ਚੁਕਿਆ ਹੈ। ਯੋਗੀ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਸਾਰੇ ਸਕੂਲ-ਕਾਲਜ 22 ਮਾਰਚ ਤੱਕ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਰਾਜਧਾਨੀ ਲਖਨਊ ’ਚ ਅਧਿਕਾਰੀਆਂ ਨਾਲ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਬੈਠਕ ’ਚ ਇਹ ਫੈਸਲਾ ਲਿਆ ਹੈ। ਇਸ ਫੈਸਲੇ ’ਤੇ 20 ਮਾਰਚ ਨੂੰ ਸਮੀਖਿਆ ਹੋਵੇਗੀ, ਜਿਸ ਤੋਂ ਬਾਅਦ ਅੱਗੇ ਦਾ ਫੈਸਲਾ ਲਿਆ ਜਾਵੇਗਾ।

ਮੀਟਿੰਗ ਤੋਂ ਬਾਅਦ ਯੋਗੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਯੂ.ਪੀ. 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 11 ਮਾਮਲੇ ਸਾਹਮਣੇ ਆਏ ਹਨ। 10 ਦਾ ਇਲਾਜ ਦਿੱਲੀ ਅਤੇ ਇਕ ਦਾ ਇਲਾਜ ਲਖਨਊ ਸਥਿਤ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇ.ਜੀ.ਐੱਮ.ਯੂ.) 'ਚ ਚੱਲ ਰਿਹਾ ਹੈ। ਕੋਰੋਨਾ ਨਾਲ ਲੜਨ ਲਈ ਅਸੀਂ ਕਰੀਬ ਡੇਢ ਮਹੀਨੇ ਤੋਂ ਤਿਆਰੀ ਕਰ ਰਹੇ ਸੀ ਅਤੇ ਸਾਡੇ ਕੋਲ ਬਚਾਅ ਦੇ ਸਾਰੇ ਸਾਧਨ ਹਨ। 24 ਮੈਡੀਕਲ ਕਾਲਜਾਂ 'ਚ 448 ਬਰਥ ਰਿਜਰਵਡ ਹਨ। ਇਨ੍ਹਾਂ ਮੈਡੀਕਲ ਕਾਲਜਾਂ 'ਚ ਸੈਂਪਲ ਜਾਂਚ ਦੀ ਵੀ ਸਹੂਲਤ ਹੈ।

ਇਸ ਤੋਂ ਇਲਾਵਾ ਯੋਗੀ ਨੇ ਬੈਠਕ 'ਚ ਕਈ ਅਹਿਮ ਫੈਸਲੇ ਲਏ-
1- ਸਾਰੇ ਡਾਕਟਰਾਂ ਅਤੇ ਪੈਰਾਮੈਡੀਕਸ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਲਈ ਅਭਿਆਸ ਹੋਣ।
2- ਸਾਰੇ ਮੈਡੀਕਲ ਕਾਲਜਾਂ 'ਚ ਆਈਸੋਲੇਸ਼ਨ ਵਾਰਡ ਬਣਾਇਆ ਜਾਵੇ।
3- ਸਾਰੀਆਂ ਸਰਹੱਦਾਂ 'ਤੇ ਸਰਵਿਲਾਂਸ ਸਿਸਟਮ ਲਗਾਇਆ ਗਿਆ।
4- ਸਾਰੇ ਜ਼ਿਲਿਆਂ ਦੇ ਡੀ.ਐੱਮ. ਨੂੰ ਰਾਜ ਦੀਆਂ ਸਰਹੱਦਾਂ 'ਤੇ ਸਕ੍ਰੀਨਿੰਗ ਸੈਂਟਰਾਂ ਦਾ ਨਿਰੀਖਣ ਕਰਨ ਦਾ ਆਦੇਸ਼।
5- ਸਾਰੇ ਹਸਪਤਾਲਾਂ 'ਚ ਆਈਸੋਲੇਸ਼ਨ ਵਾਰਡ ਲਈ ਉਪਯੁਕਤ ਕਿਟ ਅਤੇ ਸੁਰੱਖਿਆ ਗੀਅਰ ਉਪਲੱਬਧ ਕਰਵਾਏ ਜਾਣ।

ਦੱਸਣਯੋਗ ਹੈ ਕਿ ਯੂ.ਪੀ. 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 11 ਮਾਮਲੇ ਸਾਹਮਣੇ ਆ ਚੁਕੇ ਹਨ, ਜਿਸ 'ਚ ਆਗਰਾ ਅਤੇ ਲਖਨਊ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਉਤਰਾਖੰਡ ਸਰਕਾਰ ਨੇ ਵੀ 12ਵੀਂ ਤੱਕ ਦੇ ਸਾਰੇ ਸਕੂਲਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਇਸ ਦੌਰਾਨ ਸਿਰਫ਼ ਬੋਰਡ ਪ੍ਰੀਖਿਆਵਾਂ ਜਾਰੀ ਰਹਿਣਗੀਆਂ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਕੋਰੋਨਾ ਨੂੰ ਮਹਾਮਾਰੀ ਐਲਾਨ ਕਰਨ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਸਰਕਾਰ ਨੇ ਵੀ ਸਾਰੇ ਸਕੂਲਾਂ, ਕਾਲਜਾਂ, ਸਿਨੇਮਾਹਾਲ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਕਾਰਨ ਵੀਰਵਾਰ ਸ਼ਾਮ ਨੂੰ ਉਤਰਾਖੰਡ ਦੇ ਸਿੱਖਿਆ ਸਕੱਤਰ ਮੀਨਾਕਸ਼ੀ ਸੁੰਦਰਮ ਨੇ ਵੀ ਪ੍ਰਦੇਸ਼ 'ਚ ਸਾਰੇ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਵਾਰਾਣਸੀ ਦੇ ਡੀਜ਼ਲ ਰੇਲ ਇੰਜਣ ਕਾਰਖਾਨੇ 'ਚ ਮੌਜੂਦਾ ਸਿਨੇਮਾਹਾਲ ਨੂੰ ਕੋਰੋਨਾ ਵਾਇਰਸ ਕਾਰਨ ਅਣਮਿੱਥੇ ਸਮੇਂ ਲਈ ਬੰਦ ਕੀਤਾ ਗਿਆ ਹੈ।


author

DIsha

Content Editor

Related News