ਮੈਡੀਕਲ ਕਾਲਜ ਦੇ ਵਿਦਿਆਰਥੀ ਦੇ ਕਤਲ ਕਾਂਡ ''ਚ ਵੱਡਾ ਖ਼ੁਲਾਸਾ, ਪਿਤਾ ਨੇ ਕਿਹਾ ਆਰ-ਪਾਰ ਕੀਤੇ ਸਰੀਏ
Wednesday, May 20, 2026 - 04:59 PM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਨਿਊ ਲਾਲ ਬਾਗ ਪੀ. ਜੀ. ’ਚ ਰਹਿੰਦੇ ਡਾਕਟਰ ਕਮਲ ਮਿੱਤਲ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝ ਗਈ ਹੈ। ਪਰਿਵਾਰ ਅਤੇ ਪੁਲਸ ਮੁਤਾਬਕ ਕਤਲ ਕਰਨ ਵਾਲਾ ਮ੍ਰਿਤਕ ਕਮਲ ਮਿੱਤਲ ਦਾ ਪੁਰਾਣਾ ਦੋਸਤ ਮੋਹਿਤ ਵਰਮਾ ਪੁੱਤਰ ਅਜੀਤ ਕੁਮਾਰ ਵਾਸੀ ਬਰੇਟਾ ਜ਼ਿਲਾ ਮਾਨਸਾ ਹੈ। ਉਹ ਉਸ ਤੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ ਅਤੇ ਕਤਲ ਵਾਲੀ ਰਾਤ ਨੂੰ ਵੀ ਉਹ ਕਮਲ ਮਿੱਤਲ ਨਾਲ ਪੀ. ਜੀ. ’ਚ ਹੀ ਸੀ। ਇਸ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮਹਿੰਦਰਪਾਲ ਪੁੱਤਰ ਜਗਨ ਨਾਥ ਵਾਸੀ ਨੇੜੇ ਜੈਨ ਮੰਦਰ ਬਰੇਟਾ ਜ਼ਿਲਾ ਮਾਨਸਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਦਾ ਲੜਕਾ ਕਮਲਦੀਪ (ਉਮਰ 24 ਸਾਲ) ਮੈਡੀਕਲ ਕਾਲਜ ਪਟਿਆਲਾ ਵਿਖੇ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਿਹਾ ਸੀ। ਉਹ 2 ਸਾਲ ਤੋਂ ਪਟਿਆਲਾ ਦੇ ਇਕ ਪੀ. ਜੀ. ’ਚ ਰਹਿ ਰਿਹਾ ਸੀ ਅਤੇ ਹੁਣ 2 ਹਫਤਿਆਂ ਤੋਂ ਨਿਊ ਲਾਲ ਬਾਗ ਪਟਿਆਲਾ ਵਿਖੇ ਪੀ. ਜੀ. ’ਚ ਰਹਿਣ ਲੱਗ ਪਿਆ ਸੀ।
17 ਮਈ ਨੂੰ ਸ਼ਾਮ 9.45 ਵਜੇ ਕਮਲਦੀਪ ਦਾ ਫੋਨ ਆਇਆ ਕਿ ਅੱਜ ਉਸ ਦਾ ਦੋਸਤ ਮੋਹਿਤ ਵਰਮਾ ਉਸ ਕੋਲ ਆਇਆ ਹੋਇਆ ਹੈ ਅਤੇ ਉਹ ਰਾਤ ਨੂੰ ਉਸ ਕੋਲ ਹੀ ਰਹੇਗਾ। ਸਵੇਰੇ 6.15 ਵਜੇ ਕਮਲਦੀਪ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਉਹ ਉੱਠ ਗਿਆ ਹੈ ਅਤੇ ਹੁਣ ਤਿਆਰ ਹੋ ਕੇ ਕਾਲਜ ਜਾਵੇਗਾ। ਉਸ ਤੋਂ ਬਾਅਦ ਕਮਲਦੀਪ ਦਾ ਸਾਰਾ ਦਿਨ ਫੋਨ ਨਹੀਂ ਆਇਆ। ਸ਼ਾਮ ਨੂੰ 4.45 ਵਜੇ ਮਹਿੰਦਰਪਾਲ ਨੇ ਆਪਣੇ ਲੜਕੇ ਨੂੰ ਫੋਨ ਕੀਤਾ ਪਰ ਕਮਲਦੀਪ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਮਹਿੰਦਰਪਾਲ ਮੋਹਿਤ ਵਰਮਾ ਦੇ ਪਿਤਾ ਦੀ ਦੁਕਾਨ ’ਤੇ ਗਏ ਅਤੇ ਮੋਹਿਤ ਬਾਰੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹ ਘਰ ਹੀ ਹੈ। ਜਦੋਂ ਉਹ ਮੋਹਿਤ ਦੇ ਘਰ ਗਏ ਤਾਂ ਦੇਖਿਆ ਕਿ ਉਸ ਦੇ ਹੱਥਾਂ-ਪੈਰਾਂ ’ਤੇ ਪੱਟੀਆਂ ਕੀਤੀਆਂ ਹੋਈਆਂ ਸਨ।
ਮੋਹਿਤ ਵਰਮਾ ਨੇ ਝੂਠੀ ਕਹਾਣੀ ਘੜਦਿਆਂ ਦੱਸਿਆ ਕਿ ਉਸ ਦਾ ਮੋਟਰਸਾਈਕਲ ਦਾ ਕਿਸੇ ਨਾਲ ਹਾਦਸੇ ਹੋ ਗਿਆ, ਜਿਨ੍ਹਾਂ ਕੋਲ ਕੋਈ ਤਿੱਖੀ ਚੀਜ਼ ਸੀ ਅਤੇ ਉਨ੍ਹਾਂ ਨੇ ਉਸ ਦੇ ਸੱਟਾਂ ਮਾਰੀਆਂ। ਜਦੋਂ ਕਮਲਦੀਪ ਬਾਰੇ ਪੁੱਛਿਆ ਤਾਂ ਮੋਹਿਤ ਨੇ ਕਿਹਾ ਕਿ ਉਹ ਤਾਂ ਸਵੇਰੇ ਹੀ ਪਟਿਆਲਾ ਤੋਂ ਘਰ ਚਲਾ ਗਿਆ ਸੀ। ਜਦੋਂ ਮਹਿੰਦਰਪਾਲ ਆਪਣੀ ਪਤਨੀ ਨਾਲ ਲੜਕੇ ਦੇ ਪੀ. ਜੀ. ਵਿਖੇ ਪਹੁੰਚੇ ਤਾਂ ਅੰਦਰ ਕਮਲਦੀਪ ਦੀ ਲਾਸ਼ ਖੂਨ ਨਾਲ ਲੱਥਪੱਥ ਹੋਈ ਫਰਸ਼ ’ਤੇ ਪਈ ਸੀ। ਉਸ ਦੇ ਗਲੇ ਅਤੇ ਹੋਰ ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹੋਏ ਸਨ। ਮੋਹਿਤ ਵਰਮਾ ਅਕਸਰ ਕਮਲਦੀਪ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਅਤੇ ਮਨ੍ਹਾ ਕਰਨ ’ਤੇ ਉਸ ਨੇ ਕਮਲਦੀਪ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਿਤਾ ਨੇ ਦੱਸਿਆ ਕਿ ਉਸ ਦੀ ਧੌਣ, ਗੋਡਿਆਂ ਅਤੇ ਬਾਹਾਂ ’ਚ ਸਰੀਏ ਆਰ-ਪਾਰ ਕੀਤੇ ਹੋਏ ਸਨ। ਇਸ ਸਬੰਧੀ ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਮੀਡੀਆ ਸਾਹਮਣੇ ਸਪੱਸ਼ਟ ਕੀਤਾ ਕਿ ਪਟਿਆਲਾ ਪੁਲਸ ਨੇ ਐੱਸ. ਐੱਸ. ਪੀ. ਵਰੁਣ ਸ਼ਰਮਾ ਦੇ ਹੁਕਮਾਂ ’ਤੇ ਕਾਰਵਾਈ ਕਰਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ’ਚ ਮੋਹਿਤ ਵਰਮਾ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
